ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਆਰ.ਐਸ.ਐਸ. ਦੇ ਸਹਿ ਸੰਚਾਲਕ ਤੇ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਪੀੜਤ ਪਰਿਵਾਰ ਦਾ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਬ੍ਰਿਗੇਡੀਅਰ ਗਗਨੇਜਾ ਬਹਾਦਰ ਸਿਪਾਹੀ ਸਨ, ਜਿਨ੍ਹਾਂ ਨੇ ਬੰਗਲਾਦੇਸ਼ ਦੀ ਲੜਾਈ ਸਮੇਤ ਦੇਸ਼ ਲਈ ਕਈ ਲੜਾਈਆਂ ਲੜੀਆਂ ਸਨ।
ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਸਮਾਜ ਸੇਵਾ ਪ੍ਰਤੀ ਸਮਰਪਿਤ ਕਰ ਦਿੱਤਾ ਸੀ| ਕੈਪਟਨ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਦੀ ਸਥਿਤੀ ਹੱਦੋਂ ਵੱਧ ਖ਼ਰਾਬ ਹੈ ਤੇ ਇਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਰੂਰ ਜ਼ਿੰਮੇਵਾਰ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਬ੍ਰਿਗੇਡੀਅਰ ਗਗਨੇਜਾ ਦਾ ਕਤਲ ਵੱਡੀ ਸਾਜ਼ਿਸ਼ ਹੇਠ ਕੀਤਾ ਗਿਆ ਸੀ ਅਤੇ ਡੇਢ ਮਹੀਨਾ ਬੀਤਣ ਦੇ ਬਾਵਜੂਦ ਹਾਲੇ ਤੱਕ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ ਹੈ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨਾ ਤਾਂ ਦੂਰ ਦੀ ਗੱਲ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਲੰਧਰ ਆਉਣ ਮੌਕੇ ਗਗਨੇਜਾ ਦੇ ਘਰ ਤੋਂ ਸਿਰਫ ਇੱਕ ਕਿਲੋਮੀਟਰ ਦੀ ਦੂਰੀ ’ਤੇ ਹੋਣ ਦੇ ਬਾਵਜੂਦ ਉਨ੍ਹਾਂ ਦੇ ਪਰਿਵਾਰ ਕੋਲ ਜਾਣ ਤੋਂ ਪ੍ਰਹੇਜ਼ ਕੀਤੇ ਜਾਣ ਸਬੰਧੀ ਪੁੱਛੇ ਜਾਣ ’ਤੇ ਕੈਪਟਨ ਨੇ ਕਿਹਾ ਕਿ ਗਗਨੇਜਾ ਭਾਵੇਂ ਜਿਸ ਪਾਰਟੀ ਜਾਂ ਸੰਗਠਨ ਨਾਲ ਸਬੰਧਤ ਸਨ, ਉਨ੍ਹਾਂ ਦਾ ਕਤਲ ਸੂਬੇ ਲਈ ਇੱਕ ਵੱਡਾ ਘਾਟਾ ਹੈ ਅਤੇ ਹਰ ਕਿਸੇ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ।
ਈ.ਵੀ.ਐਮ. ਮਸ਼ੀਨਾਂ ਬਾਹਰੋਂ ਮੰਗਵਾਈਆਂ ਜਾਣ
ਕੈਪਟਨ ਅਮਰਿੰਦਰ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਅਕਾਲੀ ਸੱਤਾ ਵਿੱਚ ਹੋਣ ਦਾ ਫਾਇਦਾ ਚੁੱਕ ਸਕਦੇ ਹਨ ਤੇ ਈ.ਵੀ.ਐਮ. ਮਸ਼ੀਨਾਂ ਵਿੱਚ ਗੜਬੜੀ ਕਰਵਾ ਸਕਦੇ ਹਨ ਕਿਉਂਕਿ ਮਸ਼ੀਨਾਂ ਤਾਂ ਸਰਕਾਰ ਦੇ ਕੰਟਰੋਲ ਹੇਠ ਹੀ ਰਹਿਣੀਆਂ ਹਨ। ਉਨ੍ਹਾਂ ਮੰਗ ਕੀਤੀ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਬਾਹਰਲੇ ਸੂਬਿਆਂ ਤੋਂ ਮਸ਼ੀਨਾਂ ਮੰਗਵਾਈਆਂ ਜਾਣ।
Leave a Comment