ਆਟੋਮੈਟਿਕ ਸਵੀਪਿੰਗ ਮਸ਼ੀਨਾਂ ਨਾਲ ਚੰਡੀਗੜ੍ਹ ਦੀਆਂ ਸੜਕਾਂ ਦੀ ਸਫ਼ਾਈ :ਨਿੱਜੀ ਕੰਪਨੀ ਹਵਾਲੇ
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੀ ਸਫਾਈ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਦੇਣ ਦਾ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਪਹਿਲੇ ਪੜਾਅ ਵਿਚ ਸ਼ਹਿਰ ਦੇ ਦੱਖਣੀ ਖੇਤਰ ਦੀ ਸਫਾਈ ਦਾ ਸੱਤ ਸਾਲਾਂ ਦਾ ਠੇਕਾ ਦੇਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੇ ਟੈਂਡਰ ਵੀ ਜਾਰੀ ਕਰ ਦਿੱਤੇ ਹਨ।
ਨਗਰ ਨਿਗਮ ਵੱਲੋਂ ਟੈਂਡਰਾਂ ਦੀ ਬੋਲੀ 8 ਅਕਤੂਬਰ ਨੂੰ ਕਰਵਾ ਕੇ ਪਿੰਡ ਹੱਲੋਮਾਜਰਾ ਤੋਂ ਲੈ ਕੇ ਪਿੰਡ ਮਲੋਆ ਤੋਂ ਲੈ ਕੇ ਡੱਡੂਮਾਜਰਾ ਤੱਕ ਦੇ ਸਮੁੱਚੇ ਦੱਖਣੀ ਖੇਤਰ ਦੀ ਸਫਾਈ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਦੇਣ ਦਾ ਫੈਸਲਾ ਕੀਤਾ ਹੈ। ਜਿਸ ਤਹਿਤ ਦੱਖਣੀ ਖੇਤਰ ਦੇ ਸੈਕਟਰ 31 ਤੋਂ ਲੈ ਕੇ 62 ਸੈਕਟਰ ਤੱਕ ਦੇ 16 ਸੈਕਟਰਾਂ, ਪਿੰਡ ਹੱਲੋਮਾਜਰਾ, ਕਜਹੇੜੀ, ਅਟਾਵਾ, ਬਡਹੇੜੀ, ਬੁਟੇਰਲਾ, ਪਲਸੌਰਾ, ਮਲੋਆ, ਡੱਡੂਮਾਜਰਾ ਆਦਿ ਦੀਆਂ ਸਮੁੱਚੀਆਂ ਸੜਕਾਂ ਦੀ ਸਫਾਈ ਪ੍ਰਾਈਵੇਟ ਕੰਪਨੀ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਨਿਗਮ ਵੱਲੋਂ ਅਜਿਹੀ ਕੰਪਨੀ ਨੂੰ ਠੇਕਾ ਦੇਣ ਦਾ ਫੈਸਲਾ ਕੀਤਾ ਹੈ, ਜਿਸ ਕੋਲ ਘੱਟੋ ਘੱਟ ਪੰਜ ਆਟੋਮੈਟਿਕ ਸਵੀਪਿੰਗ ਮਸ਼ੀਨਾਂ ਹੋਣਗੀਆਂ। ਜਿਸ ਤਹਿਤ ਠੇਕਾ ਲੈਣ ਵਾਲੀ ਕੰਪਨੀ ਤਿੰਨ ਆਟੋਮੈਟਿਕ ਮਸ਼ੀਨਾਂ ਇਸ ਖੇਤਰ ਵਿਚ ਨਿਰੰਤਰ ਚਲਾ ਕੇ ਸਫਾਈ ਕਰੇਗੀ। ਨਿਗਮ ਨੇ ਸਫਾਈ ਦਾ ਠੇਕਾ ਦੇਣ ਤਹਿਤ ਬਣਾਈ ਤਜਵੀਜ਼ ਵਿਚ ਵੀ-3, ਵੀ-4, ਵੀ-5 ਅਤੇ ਵੀ-6 ਸੜਕਾਂ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਸਫਾਈ ਦਾ ਠੇਕਾ ਦੇਣ ਦਾ ਫੈਸਲਾ ਲਿਆ ਹੈ।
ਜਿਸ ਤਹਿਤ ਵੀ-6 ਘਰਾਂ ਦੇ ਅਗਲੀਆਂ ਸੜਕਾਂ ਮੈਨੂਅਲ ਢੰਗ ਨਾਲ ਸਾਫ ਕੀਤੀਆਂ ਜਾਣਗੀਆਂ ਕਿਉਂਕਿ ਇਹ ਸੈਕਟਰਾਂ ਦੇ ਅੰਦਰਲੀਆਂ ਸੜਕਾਂ ਘੱਟ ਚੌੜੀਆਂ ਹੋਣ ਕਾਰਨ ਮਸ਼ੀਨਾਂ ਨਾਲ ਸਾਫ ਕਰਨੀਆਂ ਸੰਭਵ ਨਹੀਂ ਹਨ। ਵੀ-3 (ਮੇਨ ਰੋਡ), ਵੀ-4 (ਸੈਕਟਰਾਂ ਵਿਚਲੀਆਂ ਸੜਕਾਂ) ਅਤੇ ਵੀ-5 ਸੈਕਟਰਾਂ ਨੂੰ ਵੰਡਦੀਆਂ ਸੜਕਾਂ ਦੀ ਸਫਾਈ ਮਕੈਨੀਕਲ ਢੰਗ ਨਾਲ ਮਸ਼ੀਨਾਂ ਰਾਹੀਂ ਕੀਤੀ ਜਾਵੇਗੀ।
ਨਿਗਮ ਨੇ ਸੜਕ ਦੀ ਪ੍ਰਤੀ ਕਿਲੋਮੀਟਰ ਲੰਬਾਈ ਦੇ ਆਧਾਰ ’ਤੇ ਸਫਾਈ ਦਾ ਠੇਕਾ ਦੇਣ ਦੀ ਤਜਵੀਜ਼ ਬਣਾਈ ਹੈ ਅਤੇ ਦੱਖਣੀ ਖੇਤਰ ਨੂੰ ਨਿਗਮ ਦੇ ਵਾਰਡਾਂ ਵਿਚ ਵੰਡ ਕੇ ਠੇਕਾ ਦਿੱਤਾ ਜਾਵੇਗਾ। ਹਰੇਕ ਕਿਲੋਮੀਟਰ ਤੋਂ ਬਾਅਦ ਠੇਕਾ ਲੈਣ ਵਾਲੀ ਪ੍ਰਾਈਵੇਟ ਕੰਪਨੀ ਵੱਲੋਂ ਬੀਟ ਬਾਕਸ ਬਣਾਇਆ ਜਾਵੇਗਾ।
ਕੰਪਨੀ ਵੱਲੋਂ ਸਫਾਈ ਲਈ ਰੱਖੇ ਮੁਲਾਜ਼ਮ ਆਪੋ-ਆਪਣੇ ਖੇਤਰਾਂ ਵਿਚਲੇ ਬੀਟ ਬਾਕਸ ਵਿਚ ਹਾਜ਼ਰ ਹੋਣ ਅਤੇ ਛੁੱਟੀ ਕਰਨ ਵੇਲੇ ਬਾਕਾਇਦਾ ਇਥੇ ਹਾਜ਼ਰੀ ਲਾਉਣਗੇ। ਸਮੁੱਚੇ ਸਿਸਟਮ ਉਪਰ ਅੱਖ ਰੱਖਣ ਲਈ ਪ੍ਰਾਈਵੇਟ ਕੰਪਨੀ ਵੱਲੋਂ ਇਕ ਕੰਟਰੋਲ ਰੂਮ ਵੀ ਬਣਾਇਆ ਜਾਵੇਗਾ, ਜਿਥੇ ਸਮੁੱਚੇ ਖੇਤਰ ਦੀ ਸਫਾਈ ਦੀਆਂ ਚੱਲਦੀਆਂ ਸਰਗਰਮੀਆਂ ਉਪਰ ਨਜ਼ਰ ਮਾਰੀ ਜਾ ਸਕੇਗੀ।
ਨਿਗਮ ਦੇ ਅਧਿਕਾਰੀ ਇਸ ਕੰਟਰੋਲ ਰੂਮ ਵਿਚ ਆ ਕੇ ਪੜਤਾਲ ਕਰਨਗੇ ਕਿ ਕੀ ਸਫਾਈ ਨਿਰਧਾਰਤ ਸ਼ਰਤਾਂ ਤਹਿਤ ਹੀ ਹੋ ਰਹੀ ਹੈ। ਕੰਪਨੀ ਦੀ ਜਿਥੇ ਸੜਕਾਂ ਕਿਨਾਰੇ ਬਰਮਾ ਉਪਰਲੇ ਘਾਹ ਨੂੰ ਵੀ ਕੱਟਣ ਦੀ ਡਿਊਟੀ ਹੋਵੇਗੀ ਉਥੇ ਪੇਵਰਜ਼ ਅਤੇ ਵਿਚਕਾਰਲੇ ਫੁੱਟਪਾਥਾਂ ਨੂੰ ਧੋਣ ਦੀ ਜ਼ਿੰਮੇਵਾਰੀ ਵੀ ਹੋਵੇਗੀ।
ਪਹਿਲੇ ਪੜਾਅ ਵਿਚ ਦੱਖਣੀ ਖੇਤਰ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਦੇ ਕੇ ਇਸ ਵਿਚਲੀਆਂ ਖਾਮੀਆਂ-ਖੂਬੀਆਂ ਦੀ ਪੜਚੋਲ ਕਰਨ ਤੋਂ ਬਾਅਦ ਸਮੁੱਚੇ ਸ਼ਹਿਰ ਦੀ ਸਫਾਈ ਕੰਮ ਪ੍ਰਾਈਵੇਟ ਕੰਪਨੀ ਨੂੰ ਸੌਂਪ ਦਿੱਤਾ ਜਾਵੇਗਾ।
ਪ੍ਰਸ਼ਾਸਨ ਵੱਲੋਂ ਸਮਾਰਟ ਸਿਟੀ ਦੇ ਪ੍ਰਾਜੈਕਟ ਤਹਿਤ ਸਫਾਈ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਦੇਣ ਦੇ ਫੈਸਲੇ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਵਿਚ ਹਲਚਲ ਮਚ ਗਈ ਹੈ ਕਿਉਂਕਿ ਅਧਿਕਾਰੀਆਂ ਵੱਲੋਂ ਸਰਕਾਰੀ ਸਿਸਟਮ ਖ਼ਤਮ ਕਰਕੇ ਪੂਰੀ ਤਰ੍ਹਾਂ ਨਿੱਜੀਕਰਨ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਜਿਸ ਕਾਰਨ ਜਿਥੇ ਮੌਜੂਦਾ ਸਵੀਪਰਾਂ ਦਾ ਭਵਿੱਖ ਖ਼ਤਰੇ ਵਿਚ ਪੈ ਸਕਦਾ ਹੈ ਉਥੇ ਭਵਿੱਖ ਵਿਚ ਰੈਗੂਲਰ ਤੌਰ ’ਤੇ ਸਵੀਪਰ ਭਰਤੀ ਕਰਨ ਦਾ ਯੁੱਗ ਵੀ ਖ਼ਤਮ ਹੋਣ ਦੇ ਆਸਾਰ ਬਣ ਗਏ ਹਨ।
ਸੈਂਕੜੇ ਸਫਾਈ ਕਰਮੀ ਹੋਣਗੇ ਵਿਹਲੇ:
ਸ਼ਹਿਰ ਦੇ ਦੱਖਣੀ ਖੇਤਰ ਦੀ ਸਫਾਈ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਦੇਣ ਦੇ ਫੈਸਲੇ ਕਾਰਨ ਸੈਂਕੜੇ ਸਫਾਈ ਕਰਮੀ ਤੇ ਸਵੀਪਰ ਆਦਿ ਵਿਹਲੇ ਹੋ ਸਕਦੇ ਹਨ। ਦੱਸਣਯੋਗ ਹੈ ਕਿ ਮੌਜੂਦਾ ਸਿਸਟਮ ਤਹਿਤ ਨਗਰ ਨਿਗਮ ਵੱਲੋਂ ਜਿਥੇ ਸਫਾਈ ਲਈ ਸੈਂਕੜੇ ਰੈਗੂਲਰ ਸਵੀਪਰ ਭਰਤੀ ਕੀੇਤੇ ਹਨ ਉਥੇ ਆਊਟ ਸੋਰਸਿੰਗ ਰਾਹੀਂ ਸੈਂਕੜੇ ਸਵੀਪਰ ਰੱਖ ਕੇ ਸਫਾਈ ਕਰਵਾਈ ਜਾ ਰਹੀ ਹੈ। ਇਸ ਨਵੇਂ ਸਿਸਟਮ ਵਿਚ ਸਾਰੀ ਭਰਤੀ ਠੇਕਾ ਲੈਣ ਵਾਲੀ ਕਮੇਟੀ ਖੁਦ ਕਰੇਗੀ।
Leave a Comment