ਆਪਣੀ ਮਿੱਟੀ ਬਾਰੇ ਖੋਜ ਭਰਪੂਰ ਪੁਸਤਕ
ਖੋਜ ਕਾਰਜ ਕੋਈ ਵੀ ਹੋਵੇ, ਮਹੱਤਵਪੂਰਨ ਹੁੰਦਾ ਹੈ। ਲੇਖਕ ਪੁਆਧ ਇਲਾਕੇ ਨਾਲ ਸਬੰਧਿਤ ਹੈ। ਇਸ ਲਈ ਉਸ ਨੇ ਪੁਆਧ ਦੇ ਪਿੰਡਾਂ ਨੂੰ ਪਹਿਲ ਦਿੰਦਿਆਂ ਪਹਿਲਾਂ ਇੱਕ ਇੱਕ ਪਿੰਡ ਬਾਰੇ ਲਿਖਿਆ ਭਾਵ ਇਨ੍ਹਾਂ ਪਿੰਡਾਂ ਵਿੱਚ ਜਾ ਕੇ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਪੁਆਧ ਦੇ ਇਨ੍ਹਾਂ ਪਿੰਡਾਂ ਬਾਰੇ ਕੀਤੀ ਖੋਜ ਦੇ ਲੇਖਾਂ ਨੂੰ ਪੁਸਤਕ ਦਾ ਰੂਪ ਦੇ ਦਿੱਤਾ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਉਣ ਦੇ ਫ਼ੈਸਲੇ ਤਹਿਤ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ 2 ਅਪਰੈਲ 1952 ਨੂੰ ਚੰਡੀਗੜ੍ਹ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਸੀ। ਦਰਅਸਲ |
ਚੰਡੀਗੜ੍ਹ ਵਸਾਉਣ ਲਈ ਇੱਥੋਂ ਹੀ ਪਿੰਡਾਂ ਨੂੰ ਉਜਾੜਨ ਦੀ ਆਧਾਰਸ਼ਿਲਾ ਰੱਖੀ ਗਈ ਸੀ। ਇਹ ਕੰਮ 1950 ਵਿੱਚ ਸ਼ੁਰੂ ਹੋਇਆ ਸੀ। ਪਹਿਲੇ ਉਠਾਲੇ ਵਿੱਚ ਹੀ ਸਤਾਰਾਂ ਪਿੰਡਾਂ ਨੂੰ ਬੁਲਡੋਜ਼ਰ ਦੀ ਮਾਰ ਝੱਲਣੀ ਪਈ ਸੀ। ਉਨ੍ਹਾਂ ਵਿੱਚ ਪਿੰਡ ਸ਼ਾਹਜ਼ਾਦਪੁਰ ਵੀ ਸ਼ਾਮਲ ਸੀ। ਇਸ ਪਿੰਡ ਦੀ ਜ਼ਮੀਨ ’ਤੇ ਸੈਕਟਰ 11 ਤੇ 12 ਬਣਾਇਆ ਗਿਆ ਹੈ। ਚੰਡੀਗੜ੍ਹ ਦੀ ਉਸਾਰੀ ਦਾ ਮੁੱਢ ਬੱਝਿਆ ਤਾਂ ਨਗਲਾ ਪਿੰਡ ਨੂੰ ਪਹਿਲੀ ਵਰ ਚ ਉਡਾ ਦਿੱਤਾ ਸੀ। ਇਉਂ ਹੀ ਪੁਆਧ ਖੇਤਰ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਛੋਟਾ ਜਿਹਾ ਪਿੰਡ ਹੁੰਦਾ ਸੀ ਮਹਿਲੇਮਾਜਰਾ। ਇਸ ਪਿੰਡ ਵਿੱਚ ਲਗਪਗ 30 ਕੁ ਘਰ ਸਨ ਤੇ ਆਬਾਦੀ ਤਕਰੀਬਨ 200 ਸੀ। ਪਿੰਡ ਦਾ ਰਕਬਾ ਦੋ ਹਜ਼ਾਰ ਵਿੱਘੇ ਦੱਸਿਆ ਜਾਂਦਾ ਹੈ।
ਇਸੇ ਲੜੀ ਵਿੱਚ ਗੁਰਦਾਸਪੁਰਾ ਵੀ ਉਜਾੜੇ ਦੀ ਭੇਟ ਚੜ੍ਹਿਆ। ਚਾਲੀ ਕੁ ਘਰਾਂ ਵਾਲੇ ਇਸ ਪਿੰਡ ਦੀ ਵਸੋਂ 500 ਕੁ ਸੀ। ਇਸ ਪਿੰਡ ਵਿੱਚ ਬਹੁਤੇ ਲੋਕਾਂ ਦੇ ਘਰ ਕੱਚੇ ਸੀ। ਪਿੰਡ ਫਤਿਹਗੜ੍ਹ ਮਾਦੜੀਆਂ ਵੀ ਅਗਲੇ ਪੜਾਅ ’ਤੇ ਉਜਾੜੇ ਦੀ ਭੇਟ ਚੜ੍ਹ ਗਿਆ। ਇਸ ਪਿੰਡ ਨੇੜੇ ਬਟੇਲਾ, ਬਜਵਾੜਾ, ਖੇੜੀ ਤੇ ਬੁੜੈਲ ਪੈਂਦੇ ਸਨ। ਆਕਾਰ ਪੱਖੋਂ ਇਹ ਪਿੰਡ ਕਾਫ਼ੀ ਛੋਟਾ ਸੀ। ਪਿੰਡ ਦੀ ਵਸੋਂ ਸਿਰਫ਼ 100 ਕੁ ਸੀ। ਇੱਕ ਸ਼ਖ਼ਸ ਕਰਤਾਰ ਸਿੰਘ ਨੇ ਉੱਦਮ ਕਰਕੇ ਸਾਰਿਆਂ ਦੇ ਸਹਿਯੋਗ ਨਾਲ ਸ਼ਾਮਲਾਟ ਜ਼ਮੀਨ ਉੱਤੇ ਗੁਰਦੁਆਰੇ ਦੀ ਉਸਾਰੀ ਕਰਵਾਈ ਸੀ। ਇਹ ਗੁਰਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਵੀ ਹੁਣ ਸੈਕਟਰ 14 ਵਿੱਚ ਆਉਂਦਾ ਹੈ।
ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਸੈਣੀਮਾਜਰਾ ਦੀ ਗਾਥਾ, ਕਾਂਜੀਮਾਜਰਾ ਜਿੱਥੇ ਪੰਜਾਬ ਸੂਨੀਵਰਸਿਟੀ ਬਣੀ, ਰੁੜਕੀ ਪੜਾਓ- ਬਸ ਸਟੈਂਡ ਦਾ ਸਥਾਨ, ਕੰਡਿਆਲੀ ਤਾਰ ਨੂੰ ਤੱਕਦਾ ਨਵਾਂ ਗਾਓਂ ਅਤੇ ਦੂਜੇ ਭਾਗ ਵਿੱਚ ਬਾਈ ਹਲਟਾਂ ਵਾਲੇ ਸ਼ਾਹਪੁਰ ਦੀ ਗਾਥਾ, ਭਾਈਚਾਰਕ ਸਾਂਝ ਵਾਲਾ ਬਜਵਾੜਾ, ਚੂਹੜਪੁਰ ਬਣਿਆ ਹਵਾਈ ਅੱਡੇ ਦੀ ਉਡਾਨ, ਬਖਤਾ ਬਜਵਾੜੀ- ਬੇਚਰਾਗ ਮੌਜਾ ਆਦਿ ਲੇਖਾਂ ਵਿੱਚ ਇਨ੍ਹਾਂ ਪਿੰਡਾਂ ਦੀ ਦਾਸਤਾਨ ਬਿਆਨ ਕੀਤੀ ਗਈ ਹੈ। ਇਹ ਸਾਰੇ ਖੋਜ ਭਰਪੂਰ ਲੇਖ ਲਿਖਣ ਦਾ ਕਾਰਨ ਇਹ ਹੈ ਕਿ ਜਦੋਂ ਵਿਕਾਸ ਹੁੰਦਾ ਹੈ ਤਾਂ ਵਿਨਾਸ਼ ਵੀ ਲਾਜ਼ਿਮ ਹੈ।
ਇਸ ਤੋਂ ਬਚਿਆ ਵੀ ਨਹੀਂ ਜਾ ਸਕਦਾ, ਪਰ ਢੰਗ ਨਾਲ ਕੀਤੀ ਵਿਉਂਤਬੰਦੀ ਸਦਕਾ ਭਵਿੱਖ ਵਿੱਚ ਕਿਸੇ ਵੀ ਸੜਕ, ਪੁਲ਼ ਜਾਂ ਸ਼ਹਿਰ ਦੀ ਨਵੀਨਤਮ ਉਸਾਰੀ ਵੇਲੇ ਕੁਝ ਹੱਦ ਤਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਤੇ ਕਿਸੇ ਕਸਬੇ ਜਾਂ ਸ਼ਹਿਰ ਦੀ ਸੁੰਦਰ-ਸਿਰਜਣਾ ਵੀ ਸੰਭਵ ਹੋ ਸਕਦੀ ਹੈ।
Leave a Comment