ਕਾਂਗਰਸ ਆਗੂਆਂ ਵੱਲੋਂ ਜਲੰਧਰ-ਕਪੂਰਥਲਾ ਚਾਰ ਮਾਰਗੀ ਪ੍ਰਾਜੈਕਟ ਨੂੰ ਰੱਦ ਕੀਤੇ ਜਾਣ ਵਿਰੁੱਧ ਲਾਏ ਧਰਨੇ ਵਿੱਚ ਅਚਾਨਕ ਪਹੁੰਚੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਗੱਠਜੋੜ ਦੀ ਸਰਕਾਰ ਨੇ ਸਿਵਾਏ ਨੀਂਹ-ਪੱਥਰਾਂ ਤੋਂ ਕੋਈ ਕੰਮ ਨਹੀਂ ਕੀਤਾ|ਉਹ ਧਰਨਾ ਦੇ ਰਹੇ ਪੀੜਤ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਵਿੱਚ ਕਾਂਗਰਸ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਇਸੇ ਸੜਕ ਨੂੰ ਚੁਰਸਤਾ ਬਣਾਇਆ ਜਾਵੇਗਾ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਿੰਨ ਸਾਲ ਪਹਿਲਾਂ ਇਸ ਸੜਕ ਨੂੰ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ। ਪਿਛਲੇ ਸਾਲ ਤੋਂ ਇਹ ਸੜਕ ਪੁੱਟੀ ਹੋਈ ਹੈ ਤੇ ਦੁਕਾਨਦਾਰਾਂ ਦਾ ਕੰਮ ਠੱਪ ਪਿਆ ਹੈ। ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਚਾਰਮਾਰਗੀ ਸੜਕ ਦੇ ਪ੍ਰਾਜੈਕਟ ਨੂੰ ਰੱਦ ਹੀ ਕਰ ਦਿੱਤਾ ਸੀ। ਕਪੂਰਥਲਾ ਨੂੰ ਜਾਣ ਵਾਲੀ ਇਹ ਸੜਕ ਬਸਤੀ ਬਾਵਾ ਖੇਲ ਵਿੱਚੋਂ ਹੋ ਕੇ ਲੰਘਦੀ ਹੈ, ਜਿਥੇ ਸੰਘਣੀ ਅਬਾਦੀ ਹੈ ਤੇ ਸੜਕ ਦੇ ਦੋਵੇਂ ਪਾਸੇ ਦੁਕਾਨਾਂ ਕਾਰੋਬਾਰ ਹਨ। ਸੜਕ ਪੁੱਟੇ ਜਾਣ ਨਾਲ ਇੱਥੋਂ ਲੰਘਣਾ ਮੁਸ਼ਕਲ ਹੈ ਤੇ ਜਦੋਂ ਮੀਂਹ ਪੈ ਜਾਂਦਾ ਹੈ ਤਾਂ ਦਿੱਕਤਾਂ ਹੋਰ ਵਧ ਜਾਂਦੀਆਂ ਹਨ।
ਕਾਂਗਰਸ ਦੇ ਡਾਇਨਾਮਿਕ ਗਰੁੱਪ ਦੇ ਆਗੂਆਂ ਸੁਸ਼ੀਲ ਰਿੰਕੂ ਅਤੇ ਮੇਜਰ ਸਿੰਘ ਦੀ ਅਗਵਾਈ ਹੇਠ ਉਸੇ ਥਾਂ ’ਤੇ ਧਰਨਾ ਲਾਇਆ ਗਿਆ ਸੀ ਜਿਥੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਐਲੀਵੇਟਿਡ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ। ਕਾਂਗਰਸੀ ਆਗੂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਸੀ,ਤਾਂ ਉਥੋਂ ਲੰਘ ਰਹੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਰੁਕ ਗਏ ਤੇ ਉਨ੍ਹਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਿਤੇ ਵੀ ਵਿਕਾਸ ਨਹੀਂ ਹੋਇਆ। ਸੂਬੇ ਦੀਆਂ ਸੜਕਾਂ ’ਤੇ ਲੱਗੇ ਬਾਦਲਾਂ ਦੇ ਬੋਰਡਾਂ ਨੂੰ ਹੀ ਵਿਕਾਸ ਦੱਸਿਆ ਜਾ ਰਿਹਾ ਹੈ ਜਦਕਿ ਜੋ ਹਾਲ ਅੱਜ ਜਲੰਧਰ-ਕਪੂਰਥਲਾ ਸੜਕ ਦਾ ਹੋਇਆ ਹੈ ਇਹੋ ਹਾਲ ਸਮੁੱਚੇ ਪੰਜਾਬ ਦੀਆਂ ਸੜਕਾਂ ਦਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ।
Leave a Comment