ਕਿਵੇਂ ਰੁਕੇਗਾ ਮਨੁੱਖੀ ਅੰਗਾਂ ਦਾ ਨਾਜਾਇਜ਼ ਵਪਾਰ ?
ਮਨੁੱਖੀ ਸਰੀਰ ਦੇ ਕੁਝ ਅੰਗ ਅਜਿਹੇ ਹੁੰਦੇ ਹਨ ਜੋ ਵਿਅਕਤੀ ਦੇ ਜਿਉਂਦੇ ਹੋਏ ਜਾਂ ਮੌਤ ਤੋਂ ਬਾਅਦ ਵੀ ਕਿਸੇ ਹੋਰ ਵਿਅਕਤੀ ਨੂੰ ਜੀਵਨ ਦੇਣ ਲਈ ਵਰਤੇ ਜਾ ਸਕਦੇ ਹਨ। ਕਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੀ ਅੰਗ ਦਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੀਆਂ ਹਨ ਤਾਂ ਜੋ ਮੌਤ ਤੋਂ ਬਾਅਦ ਇਹ ਅੰਗ ਕਿਸੇ ਮਨੁੱਖ ਦੀ ਜ਼ਿੰਦਗੀ ਸੰਵਾਰ ਸਕਣ। ਇਨ੍ਹਾਂ ਅੰਗਾਂ ਵਿੱਚ ਅੱਖਾਂ, ਦਿਲ, ਗੁਰਦੇ, ਜਿਗਰ ਅਤੇ ਫੇਫੜੇ ਆਦਿ ਮੁੱਖ ਹਨ। ਅੰਗ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ।
ਇਸ ਦੀ ਕੋਈ ਕੀਮਤ ਨਹੀਂ ਲਾਈ ਜਾਂਦੀ, ਪਰ ਦੁੱਖ ਦੀ ਗੱਲ ਹੈ ਇਨ੍ਹਾਂ ਮਨੁੱਖੀ ਅੰਗਾਂ ਦਾ ਵੀ ਵਪਾਰ ਹੋਣ ਲੱਗ ਪਿਆ ਹੈ। ਅਜਿਹਾ ਵਪਾਰ ਨਾ ਸਿਰਫ਼ ਗੰਭੀਰ ਅਪਰਾਧ ਹੈ, ਸਗੋਂ ਮਨੁੱਖਤਾ ਲਈ ਸ਼ਰਮਨਾਕ ਕਾਰਾ ਵੀ ਹੈ। ਕੁਝ ਸਮਾਂ ਪਹਿਲਾਂ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਗੁਰਦਿਆਂ ਦੇ ਨਜਾਇਜ਼ ਕਾਰੋਬਾਰ ਦਾ ਸੱਚ ਸਾਹਮਣੇ ਆਇਆ ਸੀ।
ਇਸ ਕਾਰੇ ਵਿੱਚ ਲੈਬ ਕਰਮਚਾਰੀ ਅਤੇ ਡਾਕਟਰਾਂ ਤੋਂ ਲੈ ਕੇ ਹੋਰ ਵੀ ਕਈ ਲੋਕ ਸ਼ਾਮਿਲ ਸਨ। ਮਨੁੱਖੀ ਅੰਗਾਂ ਦੀ ਤਸਕਰੀ ਸਾਡੇ ਮੁਲਕ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਚੱਲ ਰਹੀ ਹੈ। ਦੁਨੀਆਂ ਵਿੱਚ ਵੱਖ ਵੱਖ ਥਾਂਈਂ ਇਸ ਨਾਲ ਜੁੜੇ ਕਈ ਅਹਿਮ ਸਕੈਂਡਲ ਸਾਹਮਣੇ ਆਏ ਹਨ। ਇਸ ਕਾਰੇ ਨੂੰ ਠੱਲ੍ਹ ਪਾਉਣ ’ਚ ਅਸਫ਼ਲ ਰਹਿਣਾ ਸਾਡੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਲਈ ਸ਼ਰਮ ਵਾਲੀ ਗੱਲ ਹੈ।
ਸਾਡੇ ਸਰੀਰ ਦੇ ਅੰਗਾਂ ਵਿੱਚੋਂ ਸਭ ਤੋਂ ਅਹਿਮ ਅੰਗ ਗੁਰਦਾ ਹੈ। ਇਹ ਸਭ ਵਿਅਕਤੀਆਂ ਅੰਦਰ ਦੋ ਹੁੰਦੇ ਹਨ। ਜੇ ਕਿਸੇ ਕਾਰਨ ਇੱਕ ਖ਼ਰਾਬ ਵੀ ਹੋ ਜਾਵੇ ਤਾਂ ਦੂਜੇ ਨਾਲ ਗੁਜ਼ਾਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਅਨੇਕਾਂ ਅੰਗ ਹਨ ਜੋ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਬਦਲੀ ਕੀਤੇ ਜਾ ਸਕਦੇ ਹਨ ਪਰ ਬਦਲੀ ਕੀਤੇ ਜਾਣ ਵਾਲੇ ਅੰਗਾਂ ਵਿੱਚ ਵਧੇਰੇ ਮੰਗ ਗੁਰਦੇ ਦੀ ਹੈ।
ਇਸ ਤੋਂ ਬਾਅਦ ਦਿਲ ਅਤੇ ਜਿਗਰ ਆਉਂਦੇ ਹਨ। ਇਰਾਨ ਨੂੰ ਛੱਡ ਕੇ ਬਾਕੀ ਦੇਸ਼ਾਂ ਵਿੱਚ ਗੁਰਦੇ ਦਾ ਵਪਾਰ ਗ਼ੈਰਕਾਨੂੰਨੀ ਹੈ, ਪਰ ਇਰਾਨ ਵਿੱਚ ਇਸ ਦੀ ਨਿਗਰਾਨੀ ਲਈ ਸਖ਼ਤ ਕਾਨੂੰਨ ਹਨ।
ਦੁਨੀਆਂ ਵਿੱਚ ਕਾਫ਼ੀ ਵੱਡੀ ਗਿਣਤੀ ਵਿੱਚ ਲੋਕ ਗੁਰਦੇ ਨਾਲ ਸਬੰਧਿਤ ਖ਼ਰਾਬੀਆਂ ਤੋਂ ਪੀੜਤ ਹਨ। ਇਸ ਕਾਰਨ ਉਨ੍ਹਾਂ ਨੂੰ ਗੁਰਦਾ ਪ੍ਰਾਪਤ ਕਰਨ ਲਈ ਗ਼ੈਰਕਾਨੂੰਨੀ ਤਕੀਕੇ ਵਰਤਣੇ ਪੈਂਦੇ ਹਨ। ਪਹਿਲਾਂ ਪੂਰੇ ਭਾਰਤ ਵਿੱਚ ਗੁਰਦਾ ਲੈਣ-ਦੇਣ ਦਾ ਕੰਮ ਕਾਨੂੰਨੀ ਪ੍ਰਕਿਰਿਆ ਰਾਹੀਂ ਹੁੰਦਾ ਸੀ, ਪਰ ਹੁਣ ਕਾਨੂੰਨ ਵਿੱਚ ਤਬਦੀਲੀ ਹੋਣ ਕਾਰਨ ਸਿਰਫ਼ ਪਰਿਵਾਰ, ਰਿਸ਼ਤੇਦਾਰਾਂ ਤੇ ਦਾਨ ਦੀ ਇੱਛਾ ਰੱਖਣ ਵਾਲਿਆਂ ਤਕ ਸੀਮਤ ਕਰ ਦਿੱਤਾ ਗਿਆ ਹੈ।
ਇਸ ਕਾਰਨ ਗੁਰਦੇ ਦਾ ਗ਼ੈਰਕਾਨੂੰਨੀ ਵਪਾਰ ਤੇਜ਼ੀ ਨਾਲ ਪਨਪਣ ਲੱਗਿਆ ਹੈ। ਜੇ ਘਰ ਵਾਲਿਆਂ ਵਿੱਚੋਂ ਕੋਈ ਗੁਰਦਾ ਦਿੰਦਾ ਹੈ ਤਾਂ ਠੀਕ ਹੈ, ਨਹੀਂ ਤਾਂ ਬੁਹਤ ਲੋਕ ਗ਼ੈਰਕਾਨੂੰਨੀ ਤਰੀਕਾ ਅਪਣਾ ਕੇ ਗੁਰਦਾ ਹਾਸਿਲ ਕਰਦੇ ਹਨ ਜਾਂ ਕਰਨ ਦਾ ਯਤਨ ਕਰਦੇ ਹਨ। ਇਸ ਨਾਲ ਇੱਕ ਇਨਸਾਨ ਨੂੰ ਜ਼ਿੰਦਗੀ ਮਿਲ ਜਾਂਦੀ ਹੈ ਅਤੇ ਦੂਜੇ ਨੂੰ ਪੈਸਾ। ਇੱਥੋਂ ਇਸ ਗ਼ੈਰਕਾਨੂੰਨੀ ਕਾਰੋਬਾਰ ਦੀ ਸ਼ੁਰੂਆਤ ਹੁੰਦੀ ਹੈ ਜਿਸ ਵਿੱਚ ਡਾਕਟਰ, ਪੈਥਾਲੋਜਿਸਟ, ਭ੍ਰਿਸ਼ਟ ਕਰਮਚਾਰੀ ਅਤੇ ਪੁਲੀਸ ਵਾਲੇ ਵੀ ਸ਼ਾਮਿਲ ਹੋ ਜਾਂਦੇ ਹਨ।
ਗੁਰਦੇ ਦੀ ਕੀਮਤ ਮਰੀਜ਼ ਦੀ ਹੈਸੀਅਤ ਦੇ ਹਿਸਾਬ ਦੇ ਨਾਲ ਵਸੂਲੀ ਜਾਂਦੀ ਹੈ। ਜੋ ਵੀਹ ਤੋਂ ਤੀਹ ਲੱਖ ਰੁਪਏ ਤਕ ਵੀ ਹੋ ਸਕਦੀ ਹੈ। ਪਰ ਗੁਰਦਾ ਦੇਣ ਵਾਲੇ ਨੂੰ ਕੇਵਲ ਦੋ ਚਾਰ ਲੱਖ ਰੁਪਏ ਤਕ ਹੀ ਸੀਮਤ ਰੱਖਿਆ ਜਾਂਦਾ ਹੈ। ਬਾਕੀ ਰਕਮ ਅੰਗ ਵਪਾਰ ਗਿਰੋਹ ਕੋਲ ਰਹਿ ਜਾਂਦੀ ਹੈ।
ਅਜਿਹੇ ਗਿਰੋਹਾਂ ਦੇ ਸਬੰਧ ਕਾਫ਼ੀ ਉੱਚ ਆਹੁਦਿਆਂ ਤਕ ਹੋਣ ਕਰਕੇ ਇਹ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਅਜਿਹੇ ਲੋਕਾਂ ਦਾ ਪਰਦਾਫ਼ਾਸ਼ ਕੇਵਲ ਉਦੋਂ ਹੀ ਹੁੰਦਾ ਹੈ ਜਦੋਂ ਗੁਰਦਾ ਦੇਣ ਵਾਲੇ ਵਿਅਕਤੀ ਨਾਲ ਗਿਰੋਹ ਦਾ ਪੈਸਿਆਂ ਦੀ ਘਾਟ-ਵਾਧ ਕਾਰਨ ਝਗੜਾ ਹੋ ਜਾਵੇ। ਇਸ ਕਾਰੋਬਾਰ ਨੇ ਰੱਬ ਦਾ ਦੂਜਾ ਰੂਪ ਕਹੇ ਜਾਣ ਵਾਲੇ ਮਹਾਨ ਡਾਕਟਰੀ ਪੇਸ਼ੇ ਨੂੰ ਵੀ ਬਦਨਾਮ ਕਰਕੇ ਰੱਖ ਦਿੱਤਾ ਹੈ।
ਪੁਰਾਣੇ ਸਮਿਆਂ ਵਿੱਚ ਡਾਕਟਰ ਨਹੀਂ ਸਨ ਹੁੰਦੇ। ਸਿਰਫ਼ ਵੈਦ ਤੇ ਹਕੀਮ ਹੀ ਡਾਕਟਰ ਦੀ ਭੂਮਿਕਾ ਨਿਭਾਉਂਦੇ ਸਨ। ਉਹ ਸੇਵਾ ਰੂਪ ਵਿੱਚ ਹੀ ਵਿਅਕਤੀ ਦਾ ਇਲਾਜ ਕਰਦੇ ਸਨ ਅਤੇ ਲੋਕਾਂ ਦੁਆਰਾ ਆਪਣੀ ਖ਼ੁਸ਼ੀ ਮੁਤਾਬਿਕ ਦਿੱਤੇ ਹੋਏ ਨਾ-ਮਾਤਰ ਪੈਸਿਆਂ ਨਾਲ ਹੀ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ। ਪਰ ਅਜੋਕੇ ਸਮੇਂ ਵਿੱਚ ਡਾਕਟਰੀ ਪੇਸ਼ਾ ਇੱਕ ਵੱਡਾ ਵਪਾਰ ਬਣ ਕੇ ਉੱਭਰਿਆ ਹੈ।
ਮਨੁੱਖੀ ਅੰਗ ਬਦਲਦੇ ਸਮੇਂ ਵੀਡਿਓ ਰਿਕਾਰਡਿੰਗ ਲਾਜ਼ਮੀ ਹੈ। ਇਸ ਤੋਂ ਇਲਾਵਾ ਹੋਰ ਵੀ ਸਖ਼ਤ ਕਾਨੂੰਨ ਬਣਾਏ ਗਏ ਹਨ ਪਰ ਇਸ ਕਾਰੇ ਤੋਂ ਹੋਣ ਵਾਲੇ ਮੋਟੇ ਮੁਨਾਫ਼ੇ ਕਾਰਨ ਸਭ ਕਾਨੂੰਨਾਂ ਨੂੰ ਛਿੱਕੇ ਢੰਗ ਦਿੱਤਾ ਜਾਂਦਾ ਹੈ ਤੇ ਨਜਾਇਜ਼ ਵਪਾਰ ਦਿਨ-ਰਾਤ ਵੱਧ-ਫੁੱਲ ਰਿਹਾ ਹੈ। ਨੈਸ਼ਨਲ ਕਰਾਈਮ ਬਿਉਰੋ ਮੁਤਾਬਿਕ ਹਰ ਸਾਲ ਸੱਤਰ ਹਜ਼ਾਰ ਵਿਅਕਤੀ ਲਾਪਤਾ ਹੋ ਰਹੇ ਹਨ।
ਇਸ ਧੰਦੇ ਦਾ ਜ਼ਿਆਦਾਤਰ ਸ਼ਿਕਾਰ ਗ਼ਰੀਬ ਮਜ਼ਦੂਰ ਲੋਕ, ਬੇਘਰ ਅਤੇ ਸਕੂਲੀ ਬੱਚੇ ਹੀ ਬਣਦੇ ਹਨ। ਅੰਕੜਿਆਂ ਮੁਤਾਬਿਕ ਅੰਗ ਤਸਕਰੀ ਦੇ 800 ਮਾਮਲਿਆਂ ਪਿੱਛੇ ਸਿਰਫ਼ ਇੱਕ ਮਾਮਲੇ ਵਿੱਚ ਹੀ ਸਜ਼ਾ ਹੁੰਦੀ ਹੈ ਕਿਉਂਕਿ ਪੀੜਤ ਨੂੰ ਸ਼ਿਕਾਇਤ ਕਰਨ ’ਤੇ ਖ਼ੁਦ ਹੀ ਫਸ ਜਾਣ ਦਾ ਡਰ ਬਣਿਆ ਰਹਿੰਦਾ ਹੈ।
ਇਸ ਹਾਲਤ ਵਿੱਚ ਹੋਣਾ ਇਹ ਚਾਹੀਦਾ ਹੈ ਕਿ ਪੀੜਤ ਵਿਅਕਤੀ ਨੂੰ ਪੁਲੀਸ ਵੱਲੋਂ ਸੁਰੱਖਿਆ ਮਿਲੇ। ਸਵੈ-ਇੱਛਾ ਨਾਲ ਅੰਗ ਦਾਨ ਕਰਨ ਲਈ ਵਿਆਪਕ ਪ੍ਰਚਾਰ ਹੋਣਾ ਚਾਹੀਦਾ ਹੈ। ਸਰਕਾਰ ਦੁਆਰਾ ਵਿਸ਼ੇਸ਼ ਟੀਮਾਂ ਬਣਾ ਕੇ ਪੂਰੇ ਸਮਾਜ ਨੂੰ ਅੰਗ ਦਾਨ ਪ੍ਰਤੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।
ਗੁਰਦੇ ਸਬੰਧੀ ਕਾਨੂੰਨ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਜਦੋਂਕਿ ਮਾਹਿਰਾਂ ਅਨੁਸਾਰ ਇੱਕ ਗੁਰਦੇ ਨਾਲ ਵੀ ਵਿਅਕਤੀ ਜਿਉਂਦਾ ਰਹਿ ਸਕਦਾ ਹੈ। ਜੇ ਕੋਈ ਵਿਅਕਤੀ ਆਪਣੀ ਇੱਛਾ ਨਾਲ ਆਪਣਾ ਗੁਰਦਾ ਦੇਣ ਨੂੰ ਤਿਆਰ ਹੈ ਤਾਂ ਇਸ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਅਜਿਹਾ ਕਰਨ ਨਾਲ ਅੰਗ ਤਸਕਰੀ ਰੋਕਣ ਵਿੱਚ ਸਹਾਇਤਾ ਮਿਲੇਗੀ।
Leave a Comment