ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਬਾਦਲ ਨੂੰ ਲਲਕਾਰਿਆ
ਅੱਜ ਇਥੋਂ ਦੀ ਨਵੀਂ ਅਨਾਜ ਮੰਡੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਨੂੰ ਕਰਜ਼ੇ ਦੀ ਦਲਦਲ ’ਚੋਂ ਕੱਢਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ 31 ਨੁਕਾਤੀ ਕਿਸਾਨ ਚੋਣ ਮਨੋਰਥ (ਮੈਨੀਫੈਸਟੋ) ਜਾਰੀ ਕੀਤਾ।
‘ਆਪ’ ਸੁਪਰੀਮੋ ਨੇ ਦੇਸ਼ ਭਗਤਾਂ ਦੀ ਧਰਤੀ ਪਿੰਡ ਢੁੱਡੀਕੇ ਵਿਖੇ ਵੀ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਯਾਦਗਾਰ ਉੱਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਥੇ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਸ੍ਰੀ ਕੇਜਰੀਵਾਲ ਨੇ ‘ਬੋਲੇ ਸੋ ਨਿਹਾਲ’ ਦੇ ਨਾਅਰੇ ਨਾਲ ਬਾਦਲਾਂ ਨੂੰ ਲਲਕਾਰਦੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਦੇ ਹੀ ਭ੍ਰਿਸ਼ਟ ਵਜ਼ੀਰਾਂ ਦੀਆਂ ਜਾਇਦਾਦਾਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ।
ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ‘ਆਪ’ ਦੇ ਨਿਸ਼ਾਨੇ ਉੱਤੇ ਹਨ।
ਉਨ੍ਹਾਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਕਿਹਾ ਕਿ ‘ਜਾਂ ਤਾਂ ਚਾਰ ਮਹੀਨੇ ਵਿੱਚ ਮੈਨੂੰ ਅੰਦਰ ਕਰਵਾ ਦੇਣ ਨਹੀਂ ਤਾਂ ਸਰਕਾਰ ਬਣਦੇ ਸਾਰ ਮਜੀਠੀਆ ਜੇਲ੍ਹ ਜਾਣ ਲਈ ਤਿਆਰ ਰਹੇ।’
ਇਸ ਮੌਕੇ ਕੇਜਰੀਵਾਲ ਨੇ ਕਾਂਗਰਸ ਦੀ ਵੀ ਖਾਸੀ ਆਲੋਚਨਾ ਦੇ ਨਾਲ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਅੰਨਦਾਤਾ ਆਰਥਿਕ ਮੰਦਹਾਲੀ ਕਾਰਨ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਇਆ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਬਾਦਲ ਸਰਕਾਰ ਕਿਸਾਨਾਂ ਦੀ ਹੀ ਅੰਨ੍ਹੀ ਲੁੱਟ ਕਰ ਰਹੀ ਹੈ ਤੇ ਕਿਸਾਨਾਂ ਨੂੰ ਨਕਲੀ ਦਵਾਈਆਂ ਤੇ ਨਕਲੀ ਨਰਮੇ ਦਾ ਬੀਜ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਆਰਥਿਕਤਾ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ ਹੈ। ਇਹੀ ਮੁੱਖ ਕਾਰਨ ਹੈ ਕਿ ਮਾਲਵਾ ਪੱਟੀ ਦਾ ਕਿਸਾਨ ਆਰਥਿਕ ਮੰਦਹਾਲੀ ਕਾਰਨ ਖੁਦਕੁਸ਼ੀਆਂ ਦੇ ਰਾਹ ਤੁਰਨ ਲਈ ਮਜਬੂਰ ਹੋਇਆ।
ਇਸ ਮੌਕੇ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਨੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਤੇ ਕਿਸਾਨਾਂ ਦੀ ਆਰਥਿਕ ਦਸ਼ਾ ਨੂੰ ਸੁਧਾਰਨ ਲਈ ਕੋਈ ਲਾਹੇਵੰਦ ਖੇਤੀ ਨੀਤੀ ਵੀ ਨਹੀਂ ਬਣਾਈ।
ਇਸ ਮੌਕੇ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਨੇ ਕਿਹਾ ਕਿ ਇਹ 31 ਨੁਕਾਤੀ ਮੈਨੀਫੈਸਟੋ ਮੋਗਾ, ਤਲਵੰਡੀਭਾਈ, ਬਠਿੰਡਾ, ਮਾਨਸਾ, ਨਡਾਲਾ, ਹੁਸ਼ਿਆਰਪੁਰ, ਤਰਨਤਾਰਨ ਤੇ ਲੁਧਿਆਣਾ ਵਿੱਚ ਕਿਸਾਨਾਂ ਅਤੇ ਖੇਤੀ ਨਾਲ ਸਬੰਧਿਤ ਹੋਰ ਲੋਕਾਂ ਨਾਲ ਗੱਲਬਾਤ ਕਰਨ ਬਾਅਦ ਤਿਆਰ ਕੀਤਾ ਗਿਆ ਹੈ।
ਇਸ 31 ਨੁਕਾਤੀ ਚੋਣ ਮਨੋਰਥ ਪੱਤਰ ਵਿੱਚ ਸਰ ਛੋਟੂ ਰਾਮ ਐਕਟ 1934, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਕਿਸਾਨਾਂ ਦੇ ਬੈਂਕ ਕਰਜ਼ੇ ਖ਼ਤਮ ਕਰਨਾ, ਕੁਦਰਤੀ ਆਫ਼ਤਾਂ ਨਾਲ ਫ਼ਸਲਾਂ ਦੇ 100 ਫ਼ੀਸਦੀ ਨੁਕਸਾਨ ਲਈ 20 ਹਜ਼ਾਰ ਮੁਆਵਜ਼ਾ, ਕਿਸਾਨਾਂ ਨੂੰ 12 ਘੰਟੇ ਬਿਜਲੀ, ਨਹਿਰੀ ਪਾਣੀ, ਗੰਨੇ ਦੀ ਫ਼ਸਲ ਨੂੰ ਸੁਰਜੀਤ ਕਰਨ ਲਈ ਬੰਦ ਖੰਡ ਮਿੱਲਾਂ ਨੂੰ ਚਾਲੂ ਕਰਨਾ, ਬੇਜ਼ਮੀਨੇ ਮਜ਼ਦੂਰਾਂ ਲਈ ਕਰਜ਼ਾ
ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਤੇ ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ, ਫ਼ਸਲਾਂ ਦਾ ਸਹੀ ਮੁੱਲ, ਸਤਲੁਜ ਯਮੁਨਾ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨਾ, ਪੰਜਾਬ ਨੂੰ ਡੇਅਰੀ ਸੂਬਾ ਬਣਾਉਣਾ, ਫ਼ਸਲਾਂ ਦੀ ਖਰੀਦ 24 ਘੰਟੇ ’ਚ ਕਰਨ ਅਤੇ 72 ਘੰਟੇ ਵਿੱਚ ਅਦਾਇਗੀ, ਗਰੀਬਾਂ ਲਈ ਸ਼ਗਨ ਸਕੀਮ ਦੀ ਰਾਸ਼ੀ 51 ਹਜ਼ਾਰ ਤੇ ਧੀ ਦੇ ਜੰਮਣ ਉੱਤੇ 21 ਹਜ਼ਾਰ ਦੇ ਸ਼ਗਨ ਤੋਂ ਇਲਾਵਾ 10 ਲੱਖ ਹੋਰ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਦਾ ਲਾਭ ਦੇਣ ਦਾ 31 ਨੁਕਾਤੀ ਪ੍ਰੋਗਰਾਮ ਕੀਤਾ ਗਿਆ ਹੈ।
ਇਸ ਮੌਕੇ ਪਾਰਟੀ ਸੂਬਾਈ ਇੰਚਾਰਜ ਸੰਜੇ ਸਿੰਘ, ‘ਆਪ’ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ, ਸੰਸਦ ਮੈਂਬਰ ਭਗਵੰਤ ਮਾਨ, ਸਾਧੂ ਸਿੰਘ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ, ਜਗਮੀਤ ਸਿੰਘ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਵਿੱਚ ਸੈਂਕੜੇ ਮਹਿਲਾਵਾਂ ਨੇ ਸ਼ਿਰਕਤ ਕੀਤੀ। ਇਸ ਰੈਲੀ ਦੌਰਾਨ ਬਾਘਾਪੁਰਾਣਾ ਵਿੱਚ ਕਈ ਕਿਲੋਮੀਟਰ ਜਾਮ ਦੀ ਸਥਿਤੀ ਬਣੀ ਰਹੀ। ਰਾਹ ਵਿੱਚ ਕਈ ਥਾਵਾਂ ’ਤੇ ਕਾਂਗਰਸੀਆਂ ਨੇ ਸ੍ਰੀ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਦਿਖਾਈਆਂ।
Leave a Comment