ਛੱਤ ਤੇ ਬਾਗਬਾਨੀ
ਸ਼ਹਿਰ ਵਿੱਚ ਜੀਵਨ: ਸ਼ਹਿਰ ਵਿੱਚ ਜੀਵਨ ਬਹੁਤ ਹੀ ਆਸਾਨ ਹੋ ਗਿਆ ਹੈ। ਸ਼ਹਿਰ ਵਿੱਚ ਆਮ ਜੀਵਨ ਦੀਆਂ ਵਸਤੂਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਪਰ ਜਿਥੇ ਸ਼ਹਿਰ ਦੇ ਬਹੁਤ ਫਾਇਦੇ ਹਨ ਉੱਥੇ ਨੁਕਸਾਨ ਵੀ ਹਨ। ਭੀੜੀਆਂ ਗਲੀਆਂ ਤੇ ਸੜਕਾਂ, ਸ਼ੋਰ-ਸ਼ਰਾਬਾ, ਗੰਦਗੀ, ਪ੍ਰਦੂਸ਼ਣ ਆਦਿ ਸ਼ਹਿਰ ਦੇ ਨੁਕਸਾਨ ਹੀ ਹਨ।
ਵੱਧਦਾ ਪ੍ਰਦੂਸ਼ਣ: ਹਰਿਆਲੀ ਤਾਂ ਦੇਖਣ ਨੂੰ ਨਹੀਂ ਮਿਲਦੀ। ਨਵੀਆਂ ਇਮਾਰਤਾਂ ਲਈ ਹਰ ਸਾਲ ਜੰਗਲਾਂ ਦੇ ਜੰਗਲ ਨਸ਼ਟ ਕੀਤੇ ਜਾ ਰਹੇ ਹਨ। ਪੁਰਾਣੀਆਂ ਸੁਕੀਆਂ ਨਦੀਆਂ ਵਿਚ ਵੀ ਕਈ ਕੰਪਲੈਕਸ ਤੇ ਇਮਾਰਤਾਂ ਬਣ ਚੁਕੀਆਂ ਹਨ, ਜਿਸ ਨਾਲ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ ਤੇ ਸ਼ਹਿਰਾਂ ਦਾ ਤਾਪਮਾਨ ਵੀ ਵੱਧਦਾ ਜਾ ਰਿਹਾ ਹੈ। ਸਾਡੀ ਕਮਾਈ ਵਧਦੀ ਜਾ ਰਹੀ ਹੈ ਤੇ ਸਾਡੇ ਰਹਿਣ ਸਹਿਣ ਦੀ ਮਿਕਦਾਰ ਘੱਟਦੀ ਜਾ ਰਹੀ ਹੈ| ਕੇਵਲ ਦੂਸ਼ਿਤ ਹਵਾ ਹੀ ਨਹੀਂ ਸਗੋਂ ਸਾਡਾ ਖਾਣਾ ਵੀ ਦੂਸ਼ਿਤ ਹੋ ਚੁੱਕਾ ਹੈ। ਤਰਾਂ – ਤਰਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਭਿਆਨਕ ਬਿਮਾਰੀਆਂ ਵੱਧ ਰਹੀਆਂ ਹਨ ਜਿਵੇਂ ਕਿ ਕੈਂਸਰ, ਜੋੜਾਂ ਦੇ ਦਰਦ, ਜਣੇਪੇ ਦੀਆਂ ਬਿਮਾਰੀਆਂ ਆਦਿ।
ਪਰ ਇਸ ਤਰਾਂ ਹੋਣਾ ਨਹੀਂ ਚਾਹੀਦਾ !
ਛੱਤ ਤੇ ਫੁੱਲ-ਬੂਟੇ ਲਗਾਉਣੇ: ਤੁਹਾਨੂੰ ਹੁਣ ਦੂਰ ਕਿਸੇ ਪਹਾੜੀ ਤੇ ਜਾਂ ਕਿਸੇ ਗਾਰਡਨ ਵਿਚ ਜਾਣ ਦੀ ਲੋੜ ਨਹੀਂ, ਹੁਣ ਤੁਸੀਂ ਆਪਣੀ ਘਰ ਦੀ ਛੱਤ ਤੇ ਤਾਜ਼ੀ ਹਵਾ ਤੇ ਤਾਜ਼ੀਆਂ ਸਬਜ਼ੀਆਂ ਦਾ ਆਨੰਦ ਮਾਣ ਸਕਦੇ ਹੋ। ਤੁਸੀਂ ਸੋਚਦੇ ਹੋਵੋਂਗੇ ਕਿ ਇਹ ਸਬ ਬਹੁਤ ਮੁਸ਼ਕਿਲ ਹੈ ਪਰ ਅੱਜ ਦੇ ਜ਼ਮਾਨੇ ਵਿਚ ਮੁਸ਼ਕਿਲ ਕੁਝ ਵੀ ਨਹੀਂ।
ਜਿਨਾਂ ਕੋਲ ਗਾਰਡਨ ਬਣਾਉਣ ਵਾਸਤੇ ਅਲੱਗ ਤੋਂ ਜਗਾ ਨਹੀਂ ਹੈ ਜਾ ਉਹ ਜੋ ਫਲੈਟਾਂ ਵਿਚ ਰਹਿ ਰਹੇ ਹਨ, ਉਹ ਆਪਣੇ ਘਰ ਦੀ ਛੱਤ ਤੇ ਬਾਗ਼ਬਾਨੀ ਕਰ ਸਕਦੇ ਹਨ। ਛੱਤ ਤੇ ਧੁੱਪ ਵੀ ਵਧੀਆ ਆਉਂਦੀ ਹੈ ਤੇ ਛੱਤ ਤੇ ਸਬਜ਼ੀਆਂ, ਫੁੱਲ-ਬੂਟੇ ਲਗਾਉਣੇ ਤੇ ਓਹਨਾ ਦੀ ਦੇਖਭਾਲ ਵੀ ਕਰਨੀ ਆਸਾਨ ਹੈ।
ਛੱਤ ਤੇ ਬਾਗਬਾਨੀ ਲਗਾਉਣ ਨਾਲ ਤੁਹਾਡੀ ਸਿਹਤ ਨੂੰ ਵੀ ਬਹੁਤ ਫਾਇਦਾ ਹੋਵੇਗਾ। ਜੇਕਰ ਤੁਸੀਂ ਆਪਣੇ ਦਿਨ ਭਰ ਵਿਚੋਂ ਇਕ ਘੰਟਾ ਕੱਢ ਕੇ ਆਪਣੇ ਛੱਤ ਤੇ ਲਗੇ ਗਾਰਡਨ ਨੂੰ ਦੇਵੋਗੇ ਤਾਂ ਤੁਹਾਡਾ ਤਨਾਵ (stress) ਘਟ ਜਾਵੇਗਾ। ਥੋੜੀ ਜਹੀ ਮਿਹਨਤ ਨਾਲ ਤੁਸੀਂ ਆਪਣੀ ਛੱਤ ਤੇ 100% ਜੈਵਿਕ (organic ) ਸਬਜ਼ੀਆਂ ਤੇ ਫਲਾਂ ਦਾ ਆਨੰਦ ਮਾਣ ਸਕਦੇ ਹੋ। ਜੇ ਤੁਸੀਂ ਸਬਜ਼ੀਆਂ ਨਹੀਂ ਲਾਗੌਣੀਆਂ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਹਰਾ ਭਰਾ ਤੇ ਫੁੱਲਾਂ ਨਾਲ ਸਜਿਆ ਸੋਹਣਾ ਗਾਰਡਨ ਬਣਾ ਸਕਦੇ ਹੋ ਜਿਥੇ ਤੁਸੀਂ ਆਪਣੇ ਦਿਨ ਭਰ ਦੀ ਥਕਾਵਟ ਦੂਰ ਕਰ ਸਕਦੇ ਹੋ।
ਛੱਤ ਤੇ ਬਾਗਬਾਨੀ ਲਈ ਜਰੂਰਤ ਸਮੱਗਰੀ : ਛੱਤ ਤੇ ਬਾਗਬਾਨੀ ਕਰਨੀ ਕੋਈ ਔਖਾ ਕਮ ਨਹੀਂ ਹੈ ਇਸ ਲਈ ਜਰੂਰੀ ਸਮਾਨ ਤਾਂ ਤੁਹਾਨੂੰ ਨੇੜੇ ਦੀ ਕਿਸੇ ਵੀ ਨਰਸਰੀ ਤੋਂ ਵੀ ਮਿਲ ਸਕਦਾ ਹੈ ਜਾਂ ਫਿਰ ਤੁਸੀਂ ਕਿਸੇ ਵੀ ਔਨਲਾਈਨ ਸਟੋਰ ਤੋਂ ਮੰਗਵਾ ਸਕਦੇ ਹੋ ਜਿਵੇਂ ਕਿ ਬੀਜ, ਗਮਲੇ ਤੇ ਹੋਰ ਜਰੂਰਤ ਦੀ ਸਮੱਗਰੀ। ਪਰ ਸ਼ੁਰੂ ਕਰਨ ਤੋਂ ਪਹਿਲਾਂ ਸਬ ਤੋਂ ਜਰੂਰੀ ਹੈ ਆਪਣੇ ਆਪ ਨੂੰ ਤਿਆਰ ਕਰਨਾ। ਕੀ ਤੁਹਾਡੀ ਮਾਨਸਿਕਤਾ ਤੇ ਤੁਹਾਡਾ ਦਿਮਾਗ ਇਸ ਲਈ ਤਿਆਰ ਹੈ? ਹੇਠਾਂ ਕੁੱਝ ਨੁਕਤੇ ਦਸੇ ਗਏ ਹਨ ਜੋ ਤੁਹਾਨੂੰ ਨਵੀਂ ਸੇਧ ਦੇ ਸਕਦੇ ਹਨ –
- ਆਪਣੇ ਰੁਝਾਨ ਵਿਚੋਂ ਇਕ ਘੰਟਾ ਕੱਢਣਾ – ਜੇ ਛੱਤ ਤੇ ਗਾਰਡਨ ਬਣਾਉਣਾ ਹੈ ਤਾਂ ਤੁਹਾਨੂੰ ਆਪਣੇ ਰੁਝਾਨ ਵਿਚੋਂ ਇਕ ਘੰਟਾ ਕੱਢਣਾ ਹੀ ਪਵੇਗਾ। ਜਿਵੇਂ ਜਿਵੇਂ ਤੁਹਾਡਾ ਗਾਰਡਨ ਬਣਦਾ ਜਾਵੇਗਾ ਓਵੇਂ ਓਵੇਂ ਤੁਹਾਡਾ ਸਮਾਂ ਵੀ ਘਟਦਾ ਜਾਵੇਗਾ। ਇਸ ਤਰਾਂ ਤੁਸੀਂ ਹੌਲ਼ੀ ਹੌਲ਼ੀ ਕੰਮ ਘਟ ਤੇ ਆਪਣੇ ਗਾਰਡਨ ਦਾ ਆਨੰਦ ਜ਼ਿਆਦਾ ਮਾਣ ਸਕਦੇ ਹੋ।
- ਆਪਣੇ ਆਪ ਨੂੰ ਗੰਦਾ ਕਰਨ ਲਈ ਤਿਆਰ ਕਰਨਾ – ਬਾਗਬਾਨੀ ਦਾ ਸਬ ਤੋਂ ਵਧੀਆ ਤੇ ਮਜ਼ੇਦਾਰ ਸਮਾਂ ਉਹ ਹੁੰਦਾ ਹੈ ਜਦੋਂ ਤੁਸੀਂ ਮਿੱਟੀ ਨਾਲ ਮਿੱਟੀ ਹੁੰਦੇ ਹੋ। ਮਿੱਟੀ ਤੇ ਖਾਦ ਨੂੰ ਹੱਥ ਨਾਲ ਰਲਾਉਣ ਨਾਲ ਇਕ ਸੰਤੁਸ਼ਟੀ ਮਿਲਦੀ ਹੈ। ਜੇ ਤੁਸੀਂ ਆਪਣੇ ਹੱਥ ਗੰਦੇ ਕਰਨ ਲਈ ਤਿਆਰ ਹੋ ਤਾਂ ਤੁਸੀਂ ਬਾਗਬਾਨੀ ਦਾ ਪੂਰਾ ਮਜ਼ਾ ਲੈ ਸਕਦੇ ਹੋ।
- ਕੀੜੇ ਮਕੌੜਿਆਂ ਨਾਲ ਦੋਸਤੀ ਕਰਨੀ – ਕੁਦਰਤ ਵਿਚ ਹਰ ਤਰਾਂ ਦੇ ਕੀੜੇ ਮਕੌੜੇ ਹੁੰਦੇ ਹਨ। ਬਾਗਬਾਨੀ ਦੌਰਾਨ ਹਰ ਤਰਾਂ ਦੇ ਕੀੜੇ ਮਕੌੜਿਆਂ ਦਾ ਸਾਹਮਣਾ ਕਰਨਾਂ ਪੈਂਦਾ ਹੈ। ਕਈ ਵਾਰੀ ਬਾਂਦਰ ਵੀ ਛੱਤ ਤੇ ਆ ਜਾਂਦੇ ਹਨ| ਸੋ ਇਹਨਾ ਸਬ ਪਰੇਸ਼ਾਨੀਆਂ ਨਾਲ ਨਜਿੱਠਣ ਲਈ ਤਿਆਰ ਹੋਣਾ ਜਰੂਰੀ ਹੈ।
- ਬਾਗਬਾਨੀ ਸੰਬੰਧੀ ਇਕ ਯੋਜਨਾ ਹੋਣੀ ਜਰੂਰੀ ਹੈ – ਜ਼ਿਆਦਾ ਉਤਸ਼ਾਹਿਤ ਹੋ ਕੇ ਬਹੁਤ ਸਾਰੇ ਪੌਦੇ ਇਕੋ ਵਾਰ ਲਗਾਉਣ ਨਾਲ ਕਈ ਵਾਰੀ ਨੁਕਸਾਨ ਹੋ ਜਾਂਦਾ ਹੈ ਇਸ ਲਈ ਪੂਰੀ ਯੋਜਨਾ ਬਣਾ ਕੇ ਹੀ ਪੌਦੇ ਲਗਾਉਣੇ ਚਾਹੀਦੇ ਹਨ। ਇਕ ਲਿਸਟ ਬਣਾ ਕੇ ਹੀ ਅਗੇ ਵਧਣਾ ਚਾਹੀਦਾ ਹੈ। ਯੋਜਨਾ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ।
- ਕਾਮਯਾਬੀ ਦੇ ਨਾਲ ਨਾਲ ਨਾਕਾਮਯਾਬੀ ਲਈ ਵੀ ਤਿਆਰ ਕਰਨਾ ਜਰੂਰੀ ਹੈ – ਜਰੂਰੀ ਨਹੀਂ ਕਿ ਹਰ ਵਾਰ ਤੁਸੀਂ ਸਫਲ ਹੋਵੋ ਕਈ ਵਾਰੀ ਸਾਨੂੰ ਅਸਫਲਤਾ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਬਾਗਬਾਨੀ ਵਿਚ ਵੀ ਕੰਮ ਖ਼ਰਾਬ ਹੋ ਸਕਦਾ ਹੈ ਜਿਵੇਂ ਕਿ ਕਿਸੇ ਪੌਦੇ ਨੂੰ ਜ਼ਿਆਦਾ ਜਾਂ ਘਟ ਪਾਣੀ ਦੇਣ ਨਾਲ ਪੋਦਾ ਮਾਰ ਵੀ ਸਕਦਾ ਹੈ। ਇਸ ਵਿਚ ਨਿਰਾਸ਼ ਹੋਣ ਦੀ ਕੋਈ ਗੱਲ ਨਹੀਂ, ਆਪਣੀਆਂ ਗ਼ਲਤੀਆਂ ਤੋਂ ਸਿੱਖੋ ਤੇ ਨਵੇਂ ਸਿਰੇ ਤੋਂ ਸ਼ੁਰੂ ਕਰੋ। ਜਿਵੇਂ ਜਿਵੇਂ ਸਿੱਖਦੇ ਜਾਵੋਗੇ ਓਵੇਂ ਓਵੇਂ ਤੁਸੀਂ ਮਹਾਰਤ ਹਾਸਲ ਕਰ ਲਾਵੋਗੇ।
- ਨਵੀਂ ਜਾਣਕਾਰੀ ਲੈਂਦੇ ਰਹੋ – ਹਮੇਸ਼ਾ ਨਵੇਂ ਪੌਦੇ ਤੇ ਓਹਨਾ ਬਾਰੇ ਨਵੀ ਜਾਣਕਾਰੀ ਇਕਠੀ ਕਰਦੇ ਰਹੋ ਤਾਂ ਜੋ ਤੁਸੀਂ ਆਪਣੇ ਗਾਰਡਨ ਨੂੰ ਨਵੀ ਦਿੱਖ ਪ੍ਰਦਾਨ ਕਰ ਸਕੋ। ਇੰਟਰਨੇਟ ਤੇ ਹਰੇਕ ਪੌਦੇ ਬਾਰੇ ਜਾਣਕਾਰੀ ਮਿਲਦੀ ਹੈ, ਜਿਵੇਂ ਕਿ ਖਾਦ ਕਿਹੜੀ ਵਰਤਣੀ ਹੈ?, ਪਾਣੀ ਕਿੰਨਾ ਪਾਉਣਾ ਹੈ? ਆਦਿ।
Leave a Comment