ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਜ਼” ਰਣਬੀਰ ਸਿੰਘ” ਵਿਦੇਸ਼ ਮੰਤਰਾਲੇ ਬਾਰੇ ਗੱਲ ਬਾਤ ਕਰਦੇ ਹੋਏ
ਭਾਰਤ ਨੇ ਤੜਕੇ ਅਸਲ ਕੰਟਰੋਲ ਲਕੀਰ (ਐਲਓਸੀ) ਉਤੇ ਕਬਜਾ ਕਰ ਲਿਆ ਸੀ | ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੇ ਸੱਤ ਟਿਕਾਣਿਆਂ (ਲਾਂਚ ਪੈਡਜ਼) ਉਤੇ ਸੀਮਤ (ਸਰਜੀਕਲ) ਫ਼ੌਜੀ ਕਾਰਵਾਈ ਕਰ ਕੇ ਭਾਰਤ ਵਿੱਚ ਘੁਸਪੈਠ ਦੀ ਤਿਆਰੀ ਕਰ ਰਹੇ ਦਹਿਸ਼ਤਗਰਦਾਂ ਨੂੰ ‘ਭਾਰੀ ਜਾਨੀ ਨੁਕਸਾਨ’ ਪਹੁੰਚਾਇਆ।
ਦੂਜੇ ਪਾਸੇ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਤੱਤਾਪਾਣੀ ਵਿੱਚ ਜਿੱਥੇ ਭਾਰਤ ਨੇ ਗੋਲੀਬਾਰੀ ਕੀਤੀ, ਉਥੇ ਵਿਰੋਧੀ ਕਾਰਵਾਈ ਵਿੱਚ ਅੱਠ ਭਾਰਤੀ ਫ਼ੌਜੀ ਮਾਰੇ ਗਏ ਹਨ ਤੇ ਇਕ ਨੂੰ ਫੜ ਲਿਆ ਗਿਆ ਹੈ। ਉਧਰ ਮੁਲਕ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਭਾਰਤ ਦੇ ਇਸ ‘ਬਿਨਾਂ ਭੜਕਾਹਟ ਕੀਤੇ ਨੰਗੇ-ਚਿੱਟੇ ਹਮਲੇ’ ਦੀ ਸਖ਼ਤ ਨਿਖੇਧੀ ਕੀਤੀ ਹੈ।
ਇਸ ਦੌਰਾਨ ਪਾਕਿਸਤਾਨੀ ਫੌਜ ਨੇ ਗੋਲੀਬੰਦੀ ਦਾ ਉਲੰਘਣ ਕਰਦਿਆਂ ਦੋ ਵਾਰ ਨੌਗਾਮ ਤੇ ਪੁਣਛ ਖੇਤਰਾਂ ਵਿੱਚ ਭਾਰਤੀ ਟਿਕਾਣਿਆਂ ’ਤੇ ਗੋਲੀਬਾਰੀ ਕੀਤੀ। ਰੱਖਿਆ ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜ ਦੇ ਵਿਸ਼ੇਸ਼ ਦਸਤਿਆਂ ਨੇ 28 ਤੇ 29 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਐਲਓਸੀ ’ਤੇ ਇਹ ਵੱਡੀ ਕਾਰਵਾਈ ਕਰਦਿਆਂ ਦਹਿਸ਼ਤਗਰਦਾਂ ਦੇ ਸੱਤ ਲਾਂਚ ਪੈਡਜ਼ ਨੂੰ ਤਬਾਹ ਕਰ ਦਿੱਤਾ।
ਇਹ ਅਪਰੇਸ਼ਨ ਕਰੀਬ ਪੰਜ ਘੰਟੇ ਚੱਲਿਆ, ਜਿਸ ਵਿੱਚ ਹੈਲੀਕਾਪਟਰ ਆਧਾਰਤ ਤੇ ਜ਼ਮੀਨੀ ਫ਼ੌਜਾਂ ਨੇ ਹਿੱਸਾ ਲਿਆ। ਇਨ੍ਹਾਂ ਲਾਂਚ ਪੈਡਜ਼ ਦੀ ਵਰਤੋਂ ਦਹਿਸ਼ਤਗਰਦਾਂ ਵੱਲੋਂ ਮਕਬੂਜ਼ਾ ਕਸ਼ਮੀਰ ਤੋਂ ਭਾਰਤ ਵਾਲੇ ਪਾਸੇ ਘੁਸਪੈਠ ਤੇ ਹਮਲੇ ਕਰਨ ਲਈ ਕੀਤੀ ਜਾਂਦੀ ਸੀ, ਜੋ ਐਲਓਸੀ ਦੇ ਦੋ ਤੋਂ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਸਨ। ਇਨ੍ਹਾਂ ਉਤੇ ਭਾਰਤ ਵੱਲੋਂ ਇਕ ਹਫ਼ਤੇ ਤੋਂ ਨਜ਼ਰ ਰੱਖੀ ਜਾ ਰਹੀ ਸੀ।
ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਐਮ. ਵੈਂਕਈਆ ਨਾਇਡੂ ਨੇ ਕਿਹਾ ਕਿ ਇਸ ਕਾਰਵਾਈ ਰਾਹੀਂ ਜੰਮੂ-ਕਸ਼ਮੀਰ ਵਿੱਚ ਕੁਪਵਾੜਾ ਤੇ ਪੁਣਛ ਲਾਗੇ ਐਲਓਸੀ ਦੇ ਪਾਰ ਪੰਜ-ਛੇ ਥਾਵਾਂ ਨੂੰ ਨਿਸ਼ਾਨ ਬਣਾਇਆ। ਇਸ ਦੌਰਾਨ ਭਾਰਤ ਵਾਲੇ ਪਾਸੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਭਾਰਤੀ ਥਲ ਸੈਨਾ ਦੀ ਇਸ ਅਚਨਚੇਤੀ ਕਾਰਵਾਈ ਦਾ ਐਲਾਨ ਮਿਲਟਰੀ ਅਪਰੇਸ਼ਨਜ਼ ਦੇ ਡਾਇਰੈਕਟਰ ਜਨਰਲ (ਡੀਜੀਐਮਓ) ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਕੀਤਾ। ਇਹ ਅਪਰੇਸ਼ਨ ਪਾਕਿਸਤਾਨ ਆਧਾਰਿਤ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਵੱਲੋਂ ਕਸ਼ਮੀਰ ਵਿੱਚ ਉੜੀ ਸਥਿਤ ਭਾਰਤੀ ਫੌਜ ਦੇ ਕੈਂਪ ਉਤੇ ਕੀਤੇ ਹਮਲੇ ਤੋਂ 11 ਦਿਨ ਬਾਅਦ ਕੀਤਾ ਗਿਆ ਹੈ।
ਧਿਆਨਯੋਗ ਹੈ ਕਿ ਇਸ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਹਮਲਾਵਰਾਂ ਨੂੰ ‘ਬਖ਼ਸ਼ਿਆ’ ਨਹੀਂ ਜਾਵੇਗਾ ਅਤੇ 18 ਭਾਰਤੀ ਜਵਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ।
ਜਨਰਲ ਰਣਬੀਰ ਸਿੰਘ ਨੇ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘‘ਸਾਨੂੰ ਕੱਲ੍ਹ ਬੜੀ ਭਰੋਸੇ ਯੋਗ ਤੇ ਵਿਸ਼ੇਸ਼ ਸੂਚਨਾ ਮਿਲੀ ਸੀ ਕਿ ਦਹਿਸ਼ਤਗਰਦਾਂ ਦੀਆਂ ਕੁਝ ਟੀਮਾਂ ਲਾਂਚ ਪੈਡਾਂ ਉਤੇ ਇਕੱਠੀਆਂ ਹੋਈਆਂ ਸਨ, ਤਾਂ ਕਿ ਉਹ ਦੇਸ਼ ਵਿੱਚ ਘੁਸਪੈਠ ਕਰ ਕੇ ਜੰਮੂ-ਕਸ਼ਮੀਰ ਤੇ ਹੋਰ ਵੱਡੇ ਸ਼ਹਿਰਾਂ ਉਤੇ ਹਮਲੇ ਕਰ ਸਕਣ।
ਇਸ ਦੇ ਆਧਾਰ ਉਤੇ ਭਾਰਤੀ ਥਲ ਸੈਨਾ ਨੇ ਬੀਤੀ ਰਾਤ ਇਹ ਸਰਜੀਕਲ ਕਾਰਵਾਈ ਕੀਤੀ।’’ ਪ੍ਰੈਸ ਕਾਨਫਰੰਸ ਵਿੱਚ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਵੀ ਹਾਜ਼ਰ ਸਨ। ਡੀ.ਜੀ.ਐਮ.ਓ ਨੇ ਦੱਸਿਆ ਕਿ ਉਨ੍ਹਾਂ ਪਾਕਿਸਤਾਨੀ ਡੀ.ਜੀ.ਐਮ.ਓ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਇਸ ਕਾਰਵਾਈ ਅਤੇ ਭਾਰਤੀ ਸਰੋਕਾਰਾਂ ਬਾਰੇ ਜਾਣੂ ਕਰਵਾਇਆ।
ਸੂਤਰਾਂ ਮੁਤਾਬਕ ਅਪਰੇਸ਼ਨ ਵਿੱਚ ਭਾਰੀ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਤੇ ਇਸ ਨੂੰ ਥਲ ਸੈਨਾ ਦੇ ਪੈਰਾ ਕਮਾਂਡੋਜ਼ ਨੇ ਅੰਜਾਮ ਦਿੱਤਾ। ਇਸ ਮੌਕੇ ਥਰਮਲ ਇਮੇਜਰਜ਼ ਤੇ ਹਾਈ-ਮਾਸਕਡ ਲਾਈਟਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ |
ਇਹ ਐਲਾਨ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਸੁਰੱਖਿਆ ਸੰਬਧੀ ਕਮੇਟੀ (ਸੀਸੀਐਸ) ਦੀ ਮੀਟਿੰਗ ਤੋਂ ਫ਼ੌਰੀ ਬਾਅਦ ਕੀਤਾ ਗਿਆ। ਮੋਦੀ ਜੀ ਨੇ ਸਰਜੀਕਲ ਕਾਰਵਾਈ ਬਾਰੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਹੋਰਨਾਂ ਨੂੰ ਜਾਣੂ ਕਰਵਾਇਆ।
ਡੀਜੀਐਮਓ ਨੇ ਕਿਹਾ ਕਿ ਇਸ ਕਾਰਵਾਈ ਦਾ ਮੁੱਖ ਮਕਸਦ ਬੁਨਿਆਦੀ ਤੌਰ ’ਤੇ ਇਹੋ ਸੀ ਕਿ ਦਹਿਸ਼ਤਗਰਦ ਆਪਣੇ ਘੁਸਪੈਠ ਦੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ ਤੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਾ ਪਾ ਸਕਣ। ਉਨ੍ਹਾਂ ਕਿਹਾ, ‘‘ਇਨ੍ਹਾਂ ਦਹਿਸ਼ਤਗਰਦੀ-ਰੋਕੂ ਕਾਰਵਾਈਆਂ ਦੌਰਾਨ ਦਹਿਸ਼ਤਗਰਦਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਭਾਰੀ ਜਾਨੀ ਨੁਕਸਾਨ ਪਹੁੰਚਾਇਆ ਗਿਆ|
ਇਸ ਤੋਂ ਬਾਅਦ ਕਾਰਵਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਸਾਡੀ ਇਨ੍ਹਾਂ ਕਾਰਵਾਈਆਂ ਨੂੰ ਅੱਗੇ ਜਾਰੀ ਰੱਖਣ ਦੀ ਯੋਜਨਾ ਨਹੀਂ ਹੈ। ਇਸ ਦੇ ਬਾਵਜੂਦ ਇਸ ਸਬੰਧੀ ਪੈਦਾ ਹੋਣ ਵਾਲੇ ਕਿਸੇ ਵੀ ਹਾਲਾਤ ਦਾ ਟਾਕਰਾ ਕਰਨ ਲਈ ਭਾਰਤੀ ਫ਼ੌਜਾਂ ਤਿਆਰ-ਬਰ-ਤਿਆਰ ਹਨ।’’
ਇਸਲਾਮਾਬਾਦ: ਦੂਜੇ ਪਾਸੇ ਭਾਰਤ ਵੱਲੋਂ ਕਾਰਵਾਈ ਦੇ ਇਸ ਦਾਅਵੇ ਨੂੰ ਪਾਕਿਸਤਾਨ ਨੇ ‘ਮਨਘੜਤ ਤੇ ਬੇਬੁਨਿਆਦ’ ਕਰਾਰ ਦਿੱਤਾ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਮਹਿਜ਼ ਮੀਡੀਆ ਵਿੱਚ ਵਾਹ-ਵਾਹੀ ਖੱਟਣ ਲਈ ਸਰਹੱਦ-ਪਾਰਲੀ ਗੋਲਾਬਾਰੀ ਨੂੰ ਹੀ ਸਰਜੀਕਲ ਕਾਰਵਾਈ ਦੱਸ ਰਿਹਾ ਹੈ।
ਪਾਕਿਸਤਾਨੀ ਫ਼ੌਜ ਨੇ ਇਕ ਬਿਆਨ ਵਿੱਚ ਕਿਹਾ, ‘‘ਭਾਰਤ ਵੱਲੋਂ ਕੋਈ ਵੀ ਸਰਜੀਕਲ ਕਾਰਵਾਈ ਨਹੀਂ ਕੀਤੀ ਗਈ, ਸਗੋਂ ਇਸ ਦੀ ਥਾਂ ਭਾਰਤ ਵੱਲੋਂ ਸਰਹੱਦ-ਪਾਰੋਂ ਗੋਲਾਬਾਰੀ ਕੀਤੀ ਗਈ ਜੋ ਆਮ ਹੀ ਕੀਤੀ ਜਾਂਦੀ ਹੈ।’’
ਉਂਜ ਇਸ ਦੇ ਨਾਲ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਸ੍ਰੀ ਸ਼ਰੀਫ਼ ਨੇ ਭਾਰਤ ਵੱਲੋਂ ਕੀਤੀ ਕਾਰਵਾਈ ਨੂੰ ਪਾਕਿਸਤਾਨ ਉਤੇ ‘ਬਿਨਾਂ ਭੜਕਾਹਟ ਦੇ ਕੀਤਾ ਗਿਆ ਨੰਗਾ-ਚਿੱਟਾ’ ਹਮਲਾ ਕਰਾਰ ਦਿੱਤਾ ਹੈ ਤੇ ਦਾਅਵਾ ਕੀਤਾ ਕਿ ਪਾਕਿਤਸਾਨੀ ਫ਼ੌਜ ਦੇਸ਼ ਦੀ ਇਲਾਕਾਈ ਏਕਤਾ ਦੀ ਰਾਖੀ ਦੇ ਪੂਰੀ ਤਰ੍ਹਾਂ ਸਮਰੱਥ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਮਨਪਸੰਦੀ ਨੂੰ ਇਸ ਦੀ ਕਮਜ਼ੋਰੀ ਨਾ ਸਮਝਿਆ ਜਾਵੇ ਤੇ ਇਹ ਆਪਣੀ ਪ੍ਰਭੂਤਾ ਦੀ ਹੇਠੀ ਕਰਨ ਵਾਲੀ ਕਿਸੇ ਵੀ ‘ਸ਼ੈਤਾਨੀ ਕੋਸ਼ਿਸ਼’ ਨੂੰ ਨਾਕਾਮ ਕਰ ਸਕਦਾ ਹੈ।
ਇਸ ਦੌਰਾਨ ਪਤਾ ਲੱਗਾ ਹੈ ਕਿ ਭਾਰਤੀ ਕਾਰਵਾਈ ਤੋਂ ਬਾਅਦ ਸ੍ਰੀ ਸ਼ਰੀਫ਼ ਨੇ ਪਾਕਿਸਤਾਨੀ ਫ਼ੌਜੀ ਮੁਖੀ ਜਨਰਲ ਰਹੀਲ ਸ਼ਰੀਫ਼ ਨਾਲ ਟੈਲੀਫੋਨ ਉਤੇ ਗੱਲਬਾਤ ਰਾਹੀਂ ਦੇਸ਼ ਦੀਆਂ ਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ। ‘ਦਿ ਨਿਊਜ਼’ ਦੀ ਰਿਪੋਰਟ ਮੁਤਾਬਕ ਜਨਰਲ ਰਹੀਲ ਨੇ ਸਰਜੀਕਲ ਕਾਰਵਾਈ ਦੇ ਭਾਰਤੀ ਦਾਅਵੇ ਨੂੰ ‘ਬੇਬੁਨਿਆਦ’ ਕਰਾਰ ਦਿੱਤਾ।
ਮੁਲਕ ਦੇ ਕੌਮੀ ਸੁਰੱਖਿਆ ਸਲਾਹਕਾਰ ਜਨਰਲ ਨਾਸਿਰ ਜੰਜੂਆ ਨੇ ਵੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਤੇ ਸ਼ੁੱਕਰਵਾਰ ਨੂੰ ਇਸ ਸਬੰਧੀ ਸ੍ਰੀ ਸ਼ਰੀਫ਼ ਨੇ ਕੈਬਨਿਟ ਦੀ ਮੀਟਿੰਗ ਵੀ ਸੱਦ ਲਈ ਹੈ।
ਸ੍ਰੀਨਗਰ: ਇਸ ਦੌਰਾਨ ਪਾਕਿਸਤਾਨੀ ਫੌਜ ਨੇ ਅੱਜ ਸਵੇਰੇ ਦੋ ਥਾਵਾਂ ਉਤੇ ਗੋਲੀਬੰਦੀ ਦਾ ਉਲੰਘਣ ਕਰਦਿਆਂ ਭਾਰਤੀ ਟਿਕਾਣਿਆਂ ਉਤੇ ਫਾਇਰਿੰਗ ਕੀਤੀ। ਨੌਗਾਮ ਸੈਕਟਰ ਤੇ ਪੁਣਛ ਜ਼ਿਲ੍ਹੇ ਵਿੱਚ ਛੋਟੇ ਹਥਿਆਰਾਂ ਨਾਲ ਕੀਤੀ ਗਈ ਇਸ ਫਾਇਰਿੰਗ ਕਾਰਨ ਭਾਰਤ ਵਾਲੇ ਪਾਸੇ ਕੋਈ ਨੁਕਸਾਨ ਨਹੀਂ ਹੋਇਆ।
ਫ਼ੌਜੀ ਤਰਜਮਾਨ ਨੇ ਦੱਸਿਆ ਕਿ ਭਾਰਤੀ ਫ਼ੌਜਾਂ ਨੇ ਜ਼ਬਤ ਤੋਂ ਕੰਮ ਲੈਂਦਿਆਂ ਕੋਈ ਜਵਾਬੀ ਫ਼ਾਇਰਿੰਗ ਨਹੀਂ ਕੀਤੀ। ਇਹ ਦੋ ਦਿਨਾਂ ਦੌਰਾਨ ਪਾਕਿਸਤਾਨ ਵਾਲੇ ਪਾਸਿਉਂ ਗੋਲੀਬੰਦੀ ਦੀ ਕੀਤੀ ਗਈ ਤੀਜੀ ਉਲੰਘਣਾ ਸੀ।
Leave a Comment