ਡੀ.ਸੀ. ਦਫ਼ਤਰ ਪੁੱਜੇ : ਪੇਂਡੂ ਮਜ਼ਦੂਰ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੇਂਡੂ ਮਜ਼ਦੂਰਾਂ ਨੇ ਪੁਲੀਸ ਨਾਲ ਧੱਕਾਮੁੱਕੀ ਹੁੰਦਿਆਂ ਡੀ.ਸੀ. ਦਫ਼ਤਰ ਅੱਗੇ ਤਿੰਨ ਰੋਜ਼ਾ ਧਰਨਾ ਆਰੰਭਿਆ। ਇਸ ਮੌਕੇ ਏ.ਡੀ.ਸੀ. ਸ਼ਿਖਾ ਭਗਤ ਨੇ ਧਰਨਾਕਾਰੀਆਂ ਪਾਸੋਂ ਯਾਦ ਪੱਤਰ ਲੈ ਕੇ ਮੰਗਾਂ ਦੇ ਹੱਲ ਲਈ ਜਲਦੀ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਧਰਨਾਕਾਰੀ ਇਸ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ’ਚ ਇਕੱਠੇ ਹੋਏ, ਜਿੱਥੋਂ ਇਹ ਰੋਹ ਭਰਪੂਰ ਮੁਜ਼ਾਹਰਾ ਕਰਕੇ ਡੀ.ਸੀ. ਦਫ਼ਤਰ ਪੁੱਜੇ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਬੇਘਰੇ ਤੇ ਬੇਜ਼ਮੀਨੇ ਕਿਰਤੀਆਂ ਨੂੰ 5-5 ਮਰਲੇ ਦੇ ਪਲਾਟ ਦੇਣ ਲਈ ਗ੍ਰਾਮ ਸਭਾ ਦੇ ਆਮ ਇਜਲਾਸ ਬੁਲਾ ਕੇ ਮਤੇ ਪਾਉਣ ਤੋਂ ਇਨਕਾਰੀ ਗ੍ਰਾਮ ਪੰਚਾਇਤਾਂ ਨੂੰ ਤੁਰੰਤ ਭੰਗ ਕੀਤਾ ਜਾਵੇ ਤੇ ਪਲਾਟ ਦੇਣ ਦੇ ਮਤੇ ਪੁਆਏ ਜਾਣ।
ਕਾਨੂੰਨ ਤੇ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਨ ਤੇ ਪਲਾਟ ਨਾ ਦੇਣ ਵਾਲੇ ਬੀ.ਡੀ.ਪੀ.ਓਜ਼ ਅਤੇ ਡੀ.ਡੀ.ਪੀ.ਓਜ਼ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ, ਫਰਜ਼ੀ ਬੋਲੀਆਂ ਰੱਦ ਕਰਕੇ ਦਲਿਤਾਂ ਨੂੰ ਤੀਜਾ ਹਿੱਸਾ ਪੰਚਾਇਤੀ ਜ਼ਮੀਨ ਅਮਲ ’ਚ ਦਿੱਤੀ ਜਾਵੇ। ਜ਼ਮੀਨ ਤੇ ਪਲਾਟਾਂ ਲਈ ਸੰਘਰਸ਼ ਕਰ ਰਹੇ ਪੇਂਡੂ ਮਜ਼ਦੂਰਾਂ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਵਿਰੁੱਧ ਦਰਜ ਝੂਠੇ ਕੇਸ ਰੱਦ ਕੀਤੇ ਜਾਣ ਅਤੇ ਮਗਨਰੇਗਾ ਤਹਿਤ ਲਗਾਤਾਰ ਰੁਜ਼ਗਾਰ ਜਾਂ ਲੋੜ ਅਨੁਸਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।
ਇਸ ਮੌਕੇ ਇੱਕ ਮਤਾ ਪਾਸ ਕਰਕੇ ਪਿੰਡ ਜਲੂਰ (ਸੰਗਰੂਰ) ਵਿੱਚ ਪੰਚਾਇਤੀ ਜ਼ਮੀਨ ’ਚੋਂ ਰਾਖਵਾਂ ਤੀਜਾ ਹਿੱਸਾ ਮੰਗਦੇ ਦਲਿਤ ਕਿਰਤੀਆਂ ਉੱਪਰ ਹਾਕਮ ਧਿਰ ਤੇ ਪੇਂਡੂ ਧਨਾਢਾਂ ਵੱਲੋਂ ਜਾਨਲੇਵਾ ਹਮਲਾ ਕਰਨ ਅਤੇ ਦਲਿਤ ਘਰਾਂ ਅੰਦਰ ਜਬਰੀ ਦਾਖਲ ਹੋ ਕੇ ਭੰਨ-ਤੋੜ ਕਰਨ ਦੀ ਨਿਖੇਧੀ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।
ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਅਤੇ ਪ੍ਰਸ਼ਾਸਨ ਆਪਣੇ ਕੀਤੇ ਸਮਝੌਤਿਆਂ, ਵਾਅਦਿਆਂ ਦੇ ਬਾਵਜੂਦ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਤਿਆਰ ਨਹੀਂ। ਪ੍ਰਸਾਸ਼ਨ ਤੇ ਸਰਕਾਰ ਅਸਿੱਧੇ ਰੂਪ ਵਿੱਚ ਮਜ਼ਦੂਰ ਮੰਗਾਂ ਨੂੰ ਲਾਗੂ ਕਰਨ ’ਚ ਰੋਕਾਂ ਲਾਉਣ ਵਾਲੇ ਜਗੀਰਦਾਰਾਂ, ਅਫਸਰਸ਼ਾਹੀ ਤੇ ਹਾਕਮ ਧਿਰ ਦੇ ਸਿਆਸਤਦਾਨਾਂ ’ਤੇ ਅਧਾਰਤ ਗਠਜੋੜ ਦੀ ਪਿੱਠ ਥਾਪੜ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਨੀਆਂ ਮੰਗਾਂ ਅਤੇ ਕੀਤੇ ਸਮਝੌਤਿਆਂ ਵਾਅਦਿਆਂ ਨੂੰ ਅਮਲ ’ਚ ਲਾਗੂ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਧਰਨਾਕਾਰੀਆਂ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਸਿੰਘ ਭੁੱਲਰ, ਸੂਬਾ ਆਗੂ ਹੰਸ ਰਾਜ ਪੱਬਵਾਂ ਤੇ ਕਸ਼ਮੀਰ ਸਿੰਘ ਘੁੱਗਸ਼ੋਰ, ਅਸ਼ੋਕ ਨਵਾਂਸ਼ਹਿਰ, ਗੁਰਬਖਸ਼ ਕੌਰ ਸਾਦਿਕਪੁਰ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਅਨੀਤਾ ਸੰਧੂ ਆਦਿ ਨੇ ਵੀ ਸੰਬੋਧਨ ਕੀਤਾ।
Leave a Comment