ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਮੋਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਵਾਜ਼-ਏ-ਪੰਜਾਬ ਨਾਮ ਦਾ ਬਣਿਆ ਚੌਥਾ ਫਰੰਟ ਕਾਂਗਰਸ ਦਾ ਨੁਕਸਾਨ ਕਰਨ ਦੀ ਬਜਾਏ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਦੀ ਬੇੜੀ ਨੂੰ ਲੈ ਡੁੱਬੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨੇ ’ਤੇ ਬਾਦਲ ਅਤੇ ਕੇਜਰੀਵਾਲ ਹਨ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਧੋਖੇ ਨਾਲ ਵੱਡੇ ਵੱਡੇ ਆਗੂਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀਆਂ ਪਾਰਟੀਆਂ ਛੁਡਵਾ ਰਿਹਾ ਹੈ, ਜਿਸਦੀ ਉਦਾਹਰਨ ਨਵਜੋਤ ਸਿੰਘ ਸਿੱੱਧੂ ਅਤੇ ਜਗਮੀਤ ਸਿੰਘ ਬਰਾੜ ਤੋਂ ਮਿਲਦੀ ਹੈ। ਸੁੱਚਾ ਸਿੰਘ ਛੋਟੇਪੁਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਬੀਬੀ ਭੱਠਲ ਨੇ ਕਿਹਾ ਕਿ ਛੋਟੇਪੁਰ ਧਰਮ-ਨਿਰਪੱਖ ਸੋਚ ਰੱਖਣ ਵਾਲੇ ਆਗੂ ਦਾ ਕਾਂਗਰਸ ਵਿੱਚ ਸਵਾਗਤ ਹੈ।
ਇਸ ਤੋਂ ਪਹਿਲਾਂ ਬੀਬੀ ਭੱਠਲ ਨੇ ਇੱਥੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਬਿਜਲੀ ਮਾਮਲੇ ਵਿੱਚ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ ਜਦਕਿ ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਕਰੀਬ 21 ਹਜ਼ਾਰ ਫੈਕਟਰੀਆਂ ਬੰਦ ਹੋ ਗਈਆਂ |
ਪੰਜਾਬ ਵਿੱਚ ਪਿਛਲੇ ਕੁਝ ਸਮੇਂ ਵਿੱਚ ਦੋ ਹਜ਼ਾਰ ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁਕੇ ਹਨ ਕਿਉਂਕਿ ਕਿਸਾਨਾਂ ਨੂੰ ਖੇਤੀ ਲਈ ਜਰੂਰੀ ਸਮਾਨ ਮਹਿੰਗੀਆਂ ਕੀਮਤਾਂ ਤੇ ਮਿਲਦਾ ਹੈ ਅਤੇ ਕਿਸਾਨ ਉਨ੍ਹਾਂ ਨੂੰ ਖਰੀਦਣ ਦੇ ਯੋਗ ਨਹੀਂ ਹਨ , ਅਫਸੋਸ ਬਾਦਲ ਸਰਕਾਰ ਪੰਜਾਬ ਵਿੱਚ ਵਿਕਾਸ ਹੋਣ ਦੀਆਂ ਗੱਲਾਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੇ ਕਿਸਾਨਾਂ ਦੇ ਸਿਰ ਕਰਜ਼ਾ ਬਾਦਲ ਦੀ ਬਦੌਤਲ ਮੁਆਫ਼ ਨਹੀਂ ਹੋ ਸਕਿਆ। ਪੰਜਾਬ ਵਿੱਚ ਅੰਗਰੇਜ਼ਾਂ ਦੇ ਰਾਜ ਨਾਲੋਂ ਵੀ ਮਾੜਾ ਰਾਜ ਚੱਲ ਰਿਹਾ ਹੈ, ਜਿਥੇ ਲੋਕਾਂ ਨੂੰ ਕੁੱਟਿਆ ਅਤੇ ਲੁੱਟਿਆ ਜਾ ਰਿਹਾ ਹੈ |
ਉਨ੍ਹਾਂ ਦੋਸ਼ ਲਾਇਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੀ ਕੁਰਸੀ ਲਈ ਰਾਜੀਵ-ਲੌਂਗੋਵਾਲ ਨਾਲ ਸਮਝੌਤਾ ਤੋੜਿਆ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਦੇ ਨਾਲ ਖੜਨ ਵਾਲਾ ਆਪਣੇ ਬੱਚਿਆਂ ਦਾ ਦੁਸ਼ਮਣ ਹੋਵੇਗਾ।
Leave a Comment