ਪਵਿੱਤਰ ਸਿੰਘ ਨੇ ਦੋਸ਼ ਲਗਾਇਆ ਵਿਧਾਇਕ ਜਰਨੈਲ ਸਿੰਘ ‘ਤੇ
ਆਮ ਆਦਮੀ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਪਵਿੱਤਰ ਸਿੰਘ ਨੇ ਦੋਸ਼ ਲਾਇਆ ਹੈ ਕਿ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਇੱਕ ਲੱਖ ਰੁਪਏ ਫੰਡ ਲੈ ਕੇ ਪਿਛਲੇ ਡੇਢ ਸਾਲ ਤੋਂ ਉਸ ਦੀ ਰਸੀਦ ਨਹੀਂ ਦਿੱਤੀ।
ਦੱਸਣਯੋਗ ਹੈ ਕਿ ਪਵਿੱਤਰ ਸਿੰਘ ਪਹਿਲਾਂ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਤੇ ਕੌਮੀ ਆਗੂ ਦੁਰਗੇਸ਼ ਪਾਠਕ ਉਪਰ ਵੀ ਉਸ ਦੀ ਪਤਨੀ ਨੂੰ ਟਿਕਟ ਦੇਣ ਬਦਲੇ 50 ਲੱਖ ਰੁਪਏ ਮੰਗਣ ਦੇ ਦੋਸ਼ ਲਾ ਚੁੱਕੇ ਹਨ। ਪਵਿੱਤਰ ਸਿੰਘ ਨੇ ਅੱਜ ਬੀ.ਐਸ. ਆਨੰਦ ਤੇ ਹਰਪਾਲ ਸਿੰਘ ਸਮੇਤ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਜਰਨੈਲ ਸਿੰਘ ਨੇ ਉਨ੍ਹਾਂ ਨੂੰ ਇੱਕ ਲੱਖ ਰੁਪਏ ਫੰਡ ਭੇਜਣ ਲਈ ਕਿਹਾ ਸੀ।
ਉਨ੍ਹਾਂ ਨੇ ਪਾਰਟੀ ਦੇ ਇੱਕ ਆਗੂ ਡਾਕਟਰ ਐਚ.ਐਸ. ਚੀਮਾ ਤੇ ਹੋਰਾਂ ਕੋਲੋਂ ਫੰਡ ਇਕੱਠਾ ਕਰਕੇ ਇੱਕ ਲੱਖ ਰੁਪਏ ਪੰਜ ਜਨਵਰੀ 2015 ਨੂੰ ਜਰਨੈਲ ਸਿੰਘ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਜਰਨੈਲ ਸਿੰਘ ਨੇ ਅੱਜ ਤੱਕ ਨਾ ਤਾਂ ਇਸ ਦਾ ਕੋਈ ਹਿਸਾਬ ਦਿੱਤਾ ਹੈ ਅਤੇ ਨਾ ਹੀ ਰਸੀਦ ਦਿੱਤੀ ਹੈ। ਉਨ੍ਹਾਂ ਇਸ ਮੌਕੇ ਜਰਨੈਲ ਸਿੰਘ ਦੇ ਬੈਂਕ ਖਾਤੇ ਦੀਆਂ ਕਾਪੀਆਂ ਵੀ ਦਿਖਾਈਆਂ।
ਦੋਸ਼ ਲਾਇਆ ਕਿ ਪੰਜਾਬ ਇਕਾਈ ਦੇ ਇੰਚਾਰਜ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਨੇ ਪੜਤਾਲ ਕਰਨ ਤੋਂ ਪਹਿਲਾਂ ਹੀ ਪਾਰਟੀ ਵਿੱਚੋਂ ਸੁਸਪੇੰਡ ਕਰ ਦਿੱਤਾ ਸੀ ਪਰ ਉਨ੍ਹਾਂ ਵਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਜਰਨੈਲ ਸਿੰਘ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ ਛੋਟੇਪੁਰ ਵਾਂਗ ਜਰਨੈਲ ਸਿੰਘ ਦੀ ਵੀ ਪਾਰਟੀ ਵਿੱਚੋਂ ਛੁੱਟੀ ਕਰਨ ਦੀ ਹਿੰਮਤ ਦਿਖਾਉਣ। ਇਸ ਮੌਕੇ ਉਨ੍ਹਾਂ ਪਾਰਟੀ ਦੀ ਮਹਿਲਾ ਇਕਾਈ ਦੀ ਮੁਖੀ ਪ੍ਰੋਫ਼ੈਸਰ ਬਲਜਿੰਦਰ ਕੌਰ ਅਤੇ ਅਨੁ ਰੰਧਾਵਾ ਆਦਿ ਉਮੀਦਵਾਰਾਂ ਨੂੰ ਗਲਤ ਟਿਕਟਾਂ ਦੇਣ ਦੇ ਦੋਸ਼ ਵੀ ਲੱਗਿਆ। ਪਵਿੱਤਰ ਸਿੰਘ ਨੇ ਕਿਹਾ ਕਿ ਉਹ ਪਾਰਟੀ ਵਿੱਚ ਰਹਿ ਕੇ ਹੀ ਸਿਧਾਂਤਾਂ ਦੀ ਲੜਾਈ ਲੜਨਗੇ।
ਜਰਨੈਲ ਸਿੰਘ ਵੱਲੋਂ ਦੋਸ਼ ਬੇਬੁਨਿਆਦ ਕਰਾਰ
‘ਆਪ’ ਦੀ ਪੰਜਾਬ ਇਕਾਈ ਦੇ ਸਹਿ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਕੁਝ ਲੋਕ ਅਕਾਲੀ ਦਲ ਅਤੇ ਕਾਂਗਰਸ ਦੇ ਹੱਥੇ ਚੜ੍ਹ ਕੇ ਪਾਰਟੀ ਨੂੰ ਬਦਨਾਮ ਕਰਨ ਲਈ ਆਏ ਦਿਨ ਅਜਿਹੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਉਨ੍ਹਾਂ ਦਾ ਫੰਡ ਲੈਣ ਦਾ ਹਿਸਾਬ ਬਹੁਤ ਸਪੱਸ਼ਟ ਹੈ।
Leave a Comment