ਪੀੜਤ ਨਰਸ ਦੇ ਹੱਕ ਲਈ ‘ਆਪ ਪਾਰਟੀ ਉਸ ਦੇ ਨਾਲ ਹੈ’
ਪੰਜਾਬ ਦੇ ਪ੍ਰਾਈਵੇਟ ਹਸਪਤਾਲ ਵਿੱਚ ਅਕਾਲੀ ਆਗੂ ਤੇ ਉਸ ਦੇ ਪੁੱਤਰ ਵੱਲੋਂ ਗਰਭਵਤੀ ਨਰਸ ਦੀ ਕੀਤੀ ਗਈ ਕਥਿਤ ਕੁੱਟਮਾਰ ਦਾ ਮਾਮਲਾ ਸ਼ੁਰੂ ਵਿਚ ਹੀ ਫੜਿਆ ਜਾ ਰਿਹਾ ਹੈ। ਪੁਲੀਸ ਦੀ ਢਿੱਲ ਕਾਰਗੁਜ਼ਾਰੀ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਨੇ ਪੀੜਤਾ ਨੂੰ ਇਨਸਾਫ਼ ਦਆਉਣ ਲਈ ਚਾਰਾਜੋਈ ਆਰੰਭ ਦਿੱਤੀ ਹੈ।
ਪੀੜਤ ਨਰਸ ਦਾ ਹਾਲ ਚਾਲ ਪੁੱਛਣ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਸੰਘਰਸ਼ ਦੀ ਅਗਲੇਰੀ ਰੂਪ-ਰੇਖਾ ਉਲੀਕਣ ਲਈ ਅੱਜ ‘ਆਪ’ ਦੀ ਇਸਤਰੀ ਪਾਰਟੀ ਦੀ ਹੈਡ ਪ੍ਰੋ. ਬਲਜਿੰਦਰ ਕੌਰ ਅਤੇ ਪੀ.ਏ.ਸੀ. ਮੈਂਬਰ ਗੋਮਰ ਨੇ ਪਿੰਡ ਕੋਟਲਾ ਮਹਿਰ ਸਿੰਘ ਵਾਲੇ ਵਿੱਚ ਪੀੜਤਾ ਨਾਲ ਗੱਲਬਾਤ ਕੀਤੀ।
ਹਾਕਮ ਧਿਰ ਦੀਆਂ ਜ਼ਿਆਦਤੀਆਂ ਠੱਲ੍ਹਣ ਲਈ ਸੰਘਰਸ਼ ਅਤੇ ਪੀੜਤਾ ਨੂੰ ਇਨਸਾਫ ਦੁਆਉਣ ਲਈ ਹਰੇਕ ਕਾਨੂੰਨੀ ਲੜਾਈ ਮੂਹਰੇ ਹੋ ਕੇ ਲੜਨ ਦਾ ਪਰਿਵਾਰ ਨੂੰ ਵਿਸ਼ਵਾਸ਼ ਦੁਆਉਂਦਿਆਂ ‘ਆਪ’ ਨੇਤਾਵਾਂ ਨੇ ਕਿਹਾ ਕਿ ਉਹ ਇਸ ਸਬੰਧੀ ਡੀ.ਜੀ.ਪੀ. ਨਾਲ ਗੱਲਬਾਤ ਕਰਨਗੀਆਂ ਅਤੇ ਇਨਸਾਫ਼ ਲਈ ਰਾਹ ਖੋਲ੍ਹਣਗੀਆਂ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਧੀਆਂ ਦੀ ਸੁਰੱਖਿਆ ਦਾ ਹੋਕਾ ਦੇਣ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਵਿੱਚ ਧੀਆਂ ਉਪਰ ਅਕਾਲੀ ਗੁੰਡਿਆਂ ਦੇ ਹਮਲਿਆਂ ਉਪਰ ਹੁਣ ਮੋਨ ਧਾਰ ਲੈਣਾ ਬੇਹੱਦ ਚਿੰਤਾਜਨਕ ਹੈ। ਇਸ ਮੌਕੇ ‘ਆਪ’ ਨੇਤਾ ਰਮੇਸ਼ ਗਰੋਵਰ ਐਡਵੋਕੇਟ, ਬਲਜਿੰਦਰ ਸਿੰਘ ਖਾਲਸਾ, ਹਰਪ੍ਰੀਤ ਰਿੰਟੂ, ਅਮਨ ਗਰੇਵਾਲ, ਅਮਿਤ ਪੁਰੀ, ਮਨਜੀਤ ਬਿਲਾਸਪੁਰ, ਗੁਰਪ੍ਰੀਤ ਮਨਚੰਦਾ, ਸੁਖਵੀਰ ਸੁੱਖੀ ਅਤੇ ਜਸਕੀਰਤ ਪੱਤੋ ਵੀ ਹਾਜ਼ਰ ਸਨ।
ਪੀੜਤ ਨਰਸ ਦੇ ਹੱਕ ’ਚ ਡਟੇ ਮੈਡੀਕਲ ਪ੍ਰੈਕਟੀਸ਼ਨਰਜ਼
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਇਕਾਈ ਬਾਘਾਪੁਰਾਣਾ ਦੀ ਇਕੱਤਰਤਾ ਬਲਾਕ ਪ੍ਰਧਾਨ ਡਾ. ਕੇਵਲ ਸਿੰਘ ਖੋਟੇ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਪੰਜਾਬ ਪੁਲੀਸ ਮੁਖੀ ਤੋਂ ਮੰਗ ਕੀਤੀ ਗਈ ਕਿ ਬਾਘਾਪੁਰਾਣਾ ਦੇ ਨਿੱਜੀ ਹਸਪਤਾਲ ਵਿੱਚ ਕੰਮ ਕਰਦੀ ਨਰਸ ਰਮਨਦੀਪ ਕੌਰ ਦੀ ਕੁੱਟਮਾਰ ਕਰਨ ਵਾਲੇ ਅਕਾਲੀ ਨੇਤਾਵਾਂ ਖ਼ਿਲਾਫ਼ ਬਿਨਾਂ ਸਿਆਸੀ ਦਬਾਅ ਤੋਂ ਸਖਤ ਕਾਰਵਾਈ ਹੋਵੇ। ਡਾਕਟਰਾਂ ਦੀ ਜਥੇਬੰਦੀ ਨੇ ਸਰਕਾਰ ਅਤੇ ਪੁਲਸ ਨੂੰ ਸਖਤ ਚੇਤਾਵਨੀ ਦਿੱਤੀ ਕਿ ਜੇ ਇਸ ਕੇਸ ਵਿੱਚ ਕਿਸੇ ਵੀ ਕਿਸਮ ਦੀ ਢਿੱਲਮੱਠ ਵਰਤੀ ਗਈ ਤਾਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ।
Leave a Comment