ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਕਬੂਜ਼ਾ ਕਸ਼ਮੀਰ ਵਿੱਚ ਭਾਰਤੀ ਫ਼ੌਜ ਵੱਲੋਂ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਸਰਜੀਕਲ ਸਟਰਾਈਕ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਕਰਨ ਤੋਂ ਇਕ ਦਿਨ ਮਗਰੋਂ ਭਾਜਪਾ ’ਤੇ ਪਲਟ ਵਾਰ ਕਰਦਿਆਂ ਕਿਹਾ ਕਿ ਉਹ ਇਸ ਮੁੱਦੇ ’ਤੇ ਸਿਆਸਤ ਖੇਡ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਨੂੰ ਪੂਰਾ ਯਕੀਨ ਹੈ ਕਿ ਭਾਰਤੀ ਫ਼ੌਜ ਨੇ ਪੀਓਕੇ ਵਿਚ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਉਨ੍ਹਾਂ ਵੱਲ ਨਿਸ਼ਾਨਾ ਕਰਨ ਦੀ ਥਾਂ ਪਾਕਿਸਤਾਨ ਤੇ ਕੌਮਾਂਤਰੀ ਮੀਡੀਆ ਵੱਲੋਂ ਸਰਜੀਕਲ ਸਟਰਾਈਕ ਸਬੰਧੀ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਜਵਾਬ ਦੇਣਾ ਚਾਹੀਦਾ ਹੈ। ਇਸ ਦੌਰਾਨ ਭਾਜਪਾ ਨੇ ਕਿਹਾ ਕਿ ਕੇਜਰੀਵਾਲ ਨੇ ਸਰਜੀਕਲ ਸਟਰਾਈਕ ਸਬੰਧੀ ਕਥਿਤ ਸਬੂਤ ਮੰਗ ਕੇ ਭਾਰਤੀ ਫੌਜ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਬੀਤੇ ਦਿਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਫੌਜ ਵੱਲੋਂ ਮਕਬੂਜ਼ਾ ਕਸ਼ਮੀਰ ਵਿੱਚ ਭਾਰਤੀ ਫੌਜ ਵੱਲੋਂ ਕੀਤੀ ਕਾਰਵਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਕਰਦਿਆਂ ਫੌਜ ਦੀ ਪਿੱਠ ਥਾਪੜੀ ਸੀ। ਮਗਰੋਂ ਇਕ ਵੀਡੀਓ ਸੁਨੇਹੇ ਵਿੱਚ ਸ੍ਰੀ ਕੇਜਰੀਵਾਲ ਨੇ ਪਾਕਿਸਤਾਨ ਤੇ ਕੌਮਾਂਤਰੀ ਪੱਤਰਕਾਰ ਭਾਈਚਾਰੇ ਵੱਲੋਂ ਅਜਿਹੇ ਕਿਸੇ ਹਮਲੇ ਤੋਂ ਇਨਕਾਰ ਕੀਤੇ ਜਾਣ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਠੋਕਵਾਂ ਜਵਾਬ ਦੇਣ ਲਈ ਕਿਹਾ ਸੀ।
ਇਸ ਵੀਡੀਓ ਦੇ ਨਸ਼ਰ ਹੋਣ ਮਗਰੋਂ ਭਾਜਪਾ ਨੇ ਇਕ ਬਿਆਨ ’ਚ ਕਿਹਾ ਸੀ ਕਿ ਕੇਜਰੀਵਾਲ ਨੇ ਨਾ ਸਿਰਫ਼ ਫੌਜੀ ਕਾਰਵਾਈ ਤੇ ਸਵਾਲ ਉਠਾਏ ਹਨ, ਬਲਕਿ ਸੁਰੱਖਿਆਂ ਦਸਤਿਆਂ ਨੂੰ ਨੀਵਾਂ ਵਿਖਾਇਆ ਹੈ। ਇਸ ਦੌਰਾਨ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ‘ਆਪ’ ਆਗੂ ਇਸ ਗੱਲ ਦਾ ਜਵਾਬ ਦੇਣ ਕਿ ਉਨ੍ਹਾਂ ਨੂੰ ਭਾਰਤੀ ਫ਼ੌਜ ਵਿੱਚ ਯਕੀਨ ਹੈ ਕਿ ਨਹੀਂ? ਕੇਜਰੀਵਾਲ ਨੇ ਮਗਰੋਂ ਕਿਹਾ ਭਾਜਪਾ ਇਸ ਮੁੱਦੇ ਨੂੰ ਸਿਆਸੀ ਰੰਗਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਾਰਟੀ ਪੱਧਰ ਤੋਂ ਉਪਰ ਉਠ ਕੇ ਪ੍ਰਧਾਨ ਮੰਤਰੀ ਦੇ ਹੱਥ ਮਜ਼ਬੂਤ ਕਰਦਿਆਂ ਪਾਕਿਸਤਾਨ ਦੇ ਇਸ ਝੂਠ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਉਧਰ ਸੀਨੀਅਰ ਭਾਜਪਾ ਆਗੂ ਆ਼ਸ਼ੂਤੋਸ਼ ਨੇ ਕੇਂਦਰੀ ਮੰਤਰੀ ਵੱਲੋਂ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਆਗੂ ਵਿਚਾਰਾਂ ਪੱਖੋਂ ਦੀਵਾਲੀਆ ਹੋ ਚੁੱਕਾ ਹੈ।
Leave a Comment