ਮਜ਼ਦੂਰ ਆਗੂਆਂ ਨੂੰ ਸੱਦੇ ਦੇ ਬਾਵਜੂਦ ਮੁੱਖ ਮੰਤਰੀ ਨੇ ਨਾ ਦਿੱਤੇ ਦਰਸ਼ਨ
ਮੀਟਿੰਗ ਦੇ ਸੱਦੇ ਉਤੇ ਅੱਜ ਇਥੇ ਪੁੱਜੇ ਮਜ਼ਦੂਰ ਆਗੂਆਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਰਸ਼ਨ ਨਹੀਂ ਦਿੱਤੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਛੇ ਮੈਂਬਰੀ ਵਫ਼ਦ ਨੂੰ ਮੁਕਤਸਰ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲੀਸ ਮੁਖੀ ਦੇ ਨੁਮਾਇੰਦੇ ਰਾਜਧਾਨੀ ਲਿਆਏ ਸਨ।
ਇਹ ਵਫ਼ਦ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਦੀ ਅਗਵਾਈ ਹੇਠ ਆਇਆ ਸੀ। ਮਜ਼ਦੂਰਾਂ ਦਾ ਵਫ਼ਦ ਪਹਿਲਾਂ ਤਾਂ ਦਿਨ ਭਰ ਮੁੱਖ ਮੰਤਰੀ ਨੂੰ ਮਿਲਣ ਦੇ ਸਮੇਂ ਦੀ ਉਡੀਕ ਕਰਦਾ ਰਿਹਾ ਪਰ ਸੰਗਤ ਦਰਸ਼ਨਾਂ ’ਚ ਰੁੱਝੇ ਸ੍ਰੀ ਬਾਦਲ ਰਾਜਧਾਨੀ ’ਚ ਸਰਕਾਰੀ ਸੱਦੇ ’ਤੇ ਆਏ ਮਜ਼ਦੂਰ ਆਗੂਆਂ ਨੂੰ ਨਾ ਮਿਲ ਸਕੇ।
ਮੁੱਖ ਮੰਤਰੀ ਦੇ ਇਸ ਰਵੱਈਏ ਖ਼ਿਲਾਫ਼ ਮਜ਼ਦੂਰ ਜਥੇਬੰਦੀ ਨੇ ਪੰਜਾਬ ਭਰ ’ਚ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਮਜ਼ਦੂਰ ਆਗੂਆਂ ਨੂੰ ਚੰਡੀਗੜ੍ਹ ਬੁਲਾ ਕੇ ਉਨ੍ਹਾਂ ਨੂੰ ਨਾ ਮਿਲਣਾ ਬਾਦਲ ਦੇ ਖੇਤ ਮਜ਼ਦੂਰਾਂ ਤੇ ਗਰੀਬ ਤਬਕੇ ਪ੍ਰਤੀ ਰਵੱਈਏ ਦਾ ਪ੍ਰਗਟਾਵਾ ਹੈ।
ਵਫ਼ਦ ਨੂੰ ਚੰਡੀਗੜ੍ਹ ਲਿਆਉਣ ਵਾਲੇ ਲੰਬੀ ਦੇ ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਨੇ ਕਿਹਾ ਕਿ ਬਾਦਲ ਰੁਝੇਵਿਆਂ ਕਾਰਨ ਮਜ਼ਦੂਰ ਆਗੂਆਂ ਨੂੰ ਨਹੀਂ ਮਿਲ ਸਕੇ ਪਰ ਜਲਦੀ ਹੀ ਦੁਬਾਰਾ ਮੀਟਿੰਗ ਕਰਾਈ ਜਾਵੇਗੀ।
ਸੇਵੇਵਾਲਾ ਨੇ ਕਿਹਾ ਕਿ 16 ਤੇ 17 ਸਤੰਬਰ ਨੂੰ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਲੰਬੀ ਵਿਧਾਨ ਸਭਾ ਹਲਕੇ ’ਚ ਦੋ ਦਿਨਾਂ ਰੋਸ ਮੁਜ਼ਾਹਰੇ ਕੀਤੇ ਸਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਸ੍ਰੀ ਬਾਦਲ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇੱਥੇ 10 ਵਜੇ ਪੰਜਾਬ ਭਵਨ ’ਚ ਮੀਟਿੰਗ ਦਾ ਸਮਾਂ ਮਿੱਥਿਆ ਗਿਆ ਸੀ।
ਸ੍ਰੀ ਬਾਦਲ ਸਵਾ ਕੁ ਬਾਰਾਂ ਵਜੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਦੇ ਰਹੇ ਪਰ ਸਵਾ ਕੁ ਬਾਰਾਂ ਵਜੇ ਮਜ਼ਦੂਰ ਆਗੂਆਂ ਨੂੰ ਮਿਲੇ ਬਿਨਾਂ ਅਗਲੇ ਪ੍ਰੋਗਰਾਮ ਲਈ ਪੰਜਾਬ ਭਵਨ ’ਚੋਂ ਬਾਹਰ ਚਲੇ ਗਏ।
ਇਸ ਬਾਅਦ ਮਜ਼ਦੂਰ ਆਗੂਆਂ ਨੇ ਜਦੋਂ ਸਰਕਾਰੀ ਨੁਮਾਇੰਦੇ ਵਜੋਂ ਮੀਟਿੰਗ ਕਰਾਉਣ ਆਏ ਲੰਬੀ ਦੇ ਨਾਇਬ ਤਹਿਸੀਲਦਾਰ ਕੋਲ ਰੋਸ ਪ੍ਰਗਟ ਕੀਤਾ ਤਾਂ ਉਸ ਨੇ ਮਜ਼ਦੂਰ ਆਗੂਆਂ ਦੀ ਮੁਕਤਸਰ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਾਈ ਅਤੇ ਕਿਹਾ ਕਿ ਉਹ ਚੰਡੀਗੜ੍ਹ ਛੱਡ ਕੇ ਨਾ ਜਾਣ ਸ੍ਰੀ ਬਾਦਲ ਨਾਲ ਹਰ ਹਾਲ ਮੀਟਿੰਗ ਕਰਾਈ ਜਾਵੇਗੀ। ਮਜ਼ਦੂਰ ਆਗੂਆਂ ਨੂੰ ਸ਼ਾਮ ਵੇਲੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਮੀਟਿੰਗ ਲਈ ਬੁਲਾਇਆ ਗਿਆ। ਸ੍ਰੀ ਬਾਦਲ ਦੇ ਘਰ ਪਹੁੰਚ ਕੇ ਵੀ ਮਜ਼ਦੂਰ ਆਗੂਆਂ ਦੇ ਪੱਲੇ ਨਿਰਾਸ਼ਾ ਹੀ ਪਈ।
ਮਜ਼ਦੂਰ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਆਈ.ਏ.ਐਸ ਅਫ਼ਸਰ ਕਰੁਣਾ ਰਾਜੂ ਨੇ ਕਿਹਾ ਕਿ ਆਪਣਾ ਮੰਗ ਪੱਤਰ ਦੇ ਜਾਵੋ ਸ੍ਰੀ ਬਾਦਲ ਕੋਲ ਮੁਲਾਕਾਤ ਲਈ ਸਮਾਂ ਨਹੀਂ। ਜ਼ੋਰਾ ਸਿੰਘ ਨਸਰਾਲੀ ਤੇ ਲਛਮਣ ਸਿੰਘ ਸੇਵੇਵਾਲਾ ਨੇ ਮੁੱਖ ਮੰਤਰੀ ਅਤੇ ਉਸ ਦੇ ਨਾਲ ਤਾਇਨਾਤ ਅਧਿਕਾਰੀਆਂ ਦੇ ਰਵੱਈਏ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੋਲ ਮਜ਼ਦੂਰਾਂ ਲਈ ਸਮਾਂ ਹੀ ਨਹੀਂ ਸੀ ਤਾਂ ਬੁਲਾਇਆ ਕਿਉਂ ਸੀ? ਉਨ੍ਹਾਂ ਮੁੱਖ ਮੰਤਰੀ ਦੇ ਰਵੱਈਏ ਵਿਰੁਧ ਪਿੰਡ-ਪਿੰਡ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ।
Leave a Comment