ਵੱਖ ਵੱਖ ਸਿਆਸੀ ਮੁਲਾਜ਼ਮਾਂ ਦੀ ਯੂਨੀਅਨ ਵੱਲੋਂ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ
ਮਾਰਕੀਟ ਕਮੇਟੀ ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਪੱਲੇਦਾਰਾਂ ਸਮੇਤ ਬਹੁਜਨ ਸਮਾਜ ਪਾਰਟੀ (ਬਸਪਾ), ਚੰਡੀਗੜ੍ਹ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਾਰਕੁੰਨਾਂ ਵੱਲੋਂ ਅੱਜ ਵੱਖ-ਵੱਖ ਥਾਵਾਂ ’ਤੇ ਜੰਮੂ-ਕਸ਼ਮੀਰ ਵਿੱਚ ਹੋਏ ਅਤਿਵਾਦੀ ਹਮਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਗਏ। ਮਾਰਕੀਟ ਕਮੇਟੀ ਚੰਡੀਗੜ੍ਹ ਦੇ ਮੁਲਾਜ਼ਮਾਂ ਦੀ ਯੂਨੀਅਨ ਵੱਲੋਂ ਅੱਜ ਸੈਕਟਰ 26 ਵਿੱਚ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਮਵੀਰ ਭੱਟੀ ਅਤੇ ਡਾਇਰੈਕਟਰ ਜੁਝਾਰ ਸਿਘ ਬਡਹੇੜੀ, ਸੁਭਾਸ਼ ਰੰਧਾਵਾ ਤੇ ਕੁਲਵਿੰਦਰ ਕਾਲਾ ਆਦਿ ਵੀ ਦਫ਼ਤਰਾਂ ਵਿੱਚੋਂ ਬਾਹਰ ਨਿਕਲ ਆਏ ਅਤੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਰੋਹ ਵਿਚ ਆਈ ਭੀੜ ਟਰਾਂਸਪੋਰਟ ਲਾਈਟ ਪੁਆਂਇੰਟ ਸੈਕਟਰ 26 ਵੱਲ ਚੱਲ ਪਈ।
ਸ੍ਰੀ ਭੱਟੀ ਨੇ ਦੱਸਿਆ ਕਿ ਉਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪੁਤਲੇ ਨੂੰ ਫਾਹਾ ਦੇ ਕੇ ਫੂਕਿਆ ਗਿਆ। ਦੂਸਰੇ ਪਾਸੇ ਬਸਪਾ ਵੱਲੋਂ ਅੱਜ ਸ਼ਾਮ ਵੇਲੇ ਟ੍ਰਿਬਿਊਨ ਚੌਕ ਨੇੜੇ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਪਾਕਿਸਤਾਨ ਦਾ ਝੰਡਾ ਫੂਕਿਆ ਗਿਆ। ਬਸਪਾ ਦੇ ਨੇਤਾ ਧਰਮਿੰਦਰ ਨੇ ਦੋਸ਼ ਲਾਇਆ ਕਿ ਭਾਰਤ ਵਿੱਚ ਅਤਿਵਾਦੀ ਹਮਲੇ ਪਾਕਿਸਤਾਨ ਦੀ ਸ਼ਹਿ ’ਤੇ ਹੋ ਰਹੇ ਹਨ।
ਭਾਜਪਾ ਦੇ ਮਹਿਲਾ ਮੋਰਚਾ ਵੱਲੋਂ ਸੈਕਟਰ 20 ਦੇ ਮੱਠ ਮੰਦਰ ਨੇੜੇ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮੌਕੇ ਮਹਿਲਾ ਮੋਰਚਾ ਦੀ ਰੂਬੀ ਗੁਪਤਾ ਨੇ ਪਾਕਿਸਤਾਨ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਧਮਕੀ ਦਿੱਤੀ। ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਵੀ ਅਤਿਵਾਦੀ ਹਮਲੇ ਵਿਰੁੱਧ ਸੈਕਟਰ 19 ਵਿੱਚ ਯੁਵਾ ਕਾਂਗਰਸ ਦੇ ਪ੍ਰਧਾਨ ਹਰਮੇਲ ਕੇਸਰੀ ਦੀ ਅਗਵਾਈ ਹੇਠ ਨੌਜਵਾਨ ਇਕੱਠੇ ਹੋਏ ਤੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਸੰਗਠਨ ਦੇ ਚੇਅਰਮੈਨ ਅਜੈਬ ਸਿੰਘ, ਜਨਰਲ ਸਕੱਤਰ ਰਘਬੀਰ ਸਿੰਘ ਅਤੇ ਸੀਨੀਅਰ ਮੀਤ ਚੇਅਰਮੈਨ ਜਥੇਦਾਰ ਤਾਰਾ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ।
ਸ੍ਰੀ ਆਨੰਦਪੁਰ ਸਾਹਿਬ : ਉੜੀ ਸੈਕਟਰ ਵਿੱਚ ਆਰਮੀ ਕੈਂਪ ਦੇ ਹੈੱਡ ਕੁਆਰਟਰ ’ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਅੱਜ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਪਾਕਿਸਤਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ‘ਆਪ’ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਮਲੇ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਇਸ ਮੌਕੇ ਜ਼ੋਨ ਇੰਚਾਰਜ ਤਰਲੋਚਨ ਸਿੰਘ, ਸਰਕਲ ਇੰਚਾਰਜ ਜਗਜੀਤ ਸਿੰਘ ਜੱਗੀ, ਜਸਵੀਰ ਸਿੰਘ ਅਰੋੜਾ, ਡਾ. ਸੰਜੀਵ ਗੌਤਮ, ਜਸਬੀਰ ਸਿੰਘ ਰਾਣਾ, ਆਦਿ ਹਾਜ਼ਰ ਸਨ।
ਐਸ.ਏ.ਐਸ ਨਗਰ: ਬੀਤੇ ਦਿਨੀਂ ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ 17 ਫ਼ੌਜੀ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਮੁਹਾਲੀ ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ। ਹਲਕੇ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਸਪੁੱਤਰ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕੱਢੇ ਗਏ ਇਸ ਮੋੋਮਬੱਤੀ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰੀਆਂ ਨੇ ਭਾਗ ਲਿਆ।
ਮੋਮਬੱਤੀ ਮਾਰਚ ਫ਼ੇਜ਼7 ਦੇ ਚਾਵਲਾ ਨਰਸਿੰਗ ਹੋਮ ਤੋਂ ਸਾਮੀਂ ਸਵਾ ਕੁ 6ਵਜੇ ਦੇ ਕਰੀਬ ਆਰੰਭ ਹੋਇਆ ਤੇ ਫ਼ੇਜ਼ 3 ਤੇ 5 ਦੀਆਂ ਲਾਈਟਾਂ ਉੱਤੇ ਜਾ ਕੇ ਸਮਾਪਤ ਹੋਇਆ। ਮਾਰਚ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਖੋਖਰ, ਮੀਤ ਪ੍ਰਧਾਨ ਗੁਰਦੇਵ ਸਿੰਘ ਚੌਹਾਨ, ਗੁਰਚਰਨ ਸਿੰਘ ਭੰਵਰਾ, ਪ੍ਰਦੀਪ ਪੱਪੀ, ਕਮਲਪ੍ਰੀਤ ਸਿੰਘ ਬਨੀ, ਬੀਸੀ ਪ੍ਰੇਮੀ ਆਦਿ ਮੌਜੂਦ ਸਨ।
ਐਸ.ਏ.ਐਸ ਨਗਰ :ਪੇਂਡੂ ਸੰਘਰਸ਼ ਕਮੇਟੀ ਮੁਹਾਲੀ ਵੱਲੋਂ ਬੀਤੇ ਦਿਨ ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਫਿਦਾਇਨ ਹਮਲੇ ਵਿੱਚ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਬੰਧੀ ਹਵਨ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਹੋਏ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੀ ਫੌਰੀ ਵਿੱਤੀ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਕਾਮਰੇਡ ਜਸਵੰਤ ਸਿੰਘ, ਨੰਬਰਦਾਰ ਹਰਵਿੰਦਰ ਸਿੰਘ, ਗੁਰਮੇਜ ਸਿੰਘ ਫੌਜੀ, ਸੂਬੇਦਾਰ ਸਰੂਪ ਸਿੰਘ ਆਦਿ ਹਾਜ਼ਰ ਸਨ।
Leave a Comment