ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਡੀਸੀ ਕੰਪਲੈਕਸ ਅੱਗੇ ਰੋਸ ਧਰਨਾ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜ਼ਿਲ੍ਹਾ ਭਰ ਤੋਂ ਪੁੱਜੇ ਸੈਂਕੜੇ ਲੋਕਾਂ ਵੱਲੋਂ ਇੱਥੇ ਡੀ.ਸੀ. ਕੰਪਲੈਕਸ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪ੍ਰਸ਼ਾਸਨ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਦਲਿਤ ਵਰਗ ਦੇ ਲੋਕਾਂ ਨੇ ਇੱਥੇ ਅਨਾਜ ਮੰਡੀ ਵਿੱਚ ਇਕੱਠੇ ਹੋਣ ਮਗਰੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ, ਜਿਸ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਸਨ। ਜਦੋਂ ਇਹ ਪ੍ਰਦਰਸ਼ਨਕਾਰੀ ਡੀਸੀ ਕੰਪਲੈਕਸ ਅੱਗੇ ਪੁੱਜੇ ਤਾਂ ਪੁਲੀਸ ਨੇ ਗੇਟ ਬੰਦ ਕਰਕੇ ਸਖ਼ਤ ਨਾਕੇਬੰਦੀ ਕਰਕੇ ਇਨ੍ਹਾਂ ਨੂੰ ਰੋਕ ਲਿਆ।
ਡੀਸੀ ਕੰਪਲੈਕਸ ਅੱਗੇ ਆਵਾਜਾਈ ਠੱਪ ਕਰਕੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਮਲੌਦ ਅਤੇ ਗੁਰਮੁਖ ਸਿੰਘ ਨੇ ਕਿਹਾ ਕਿ ਅਗਸਤ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੇ ਸੰਘਰਸ਼ ਕਮੇਟੀ ਨਾਲ ਮੀਟਿੰਗ ਕਰਕੇ ਵਾਅਦਾ ਕੀਤਾ ਸੀ ਕਿ 10 ਦਿਨਾਂ ਦੇ ਅੰਦਰ ਜ਼ਿਲ੍ਹੇ ਵਿੱਚ ਆਗੂਆਂ ਖ਼ਿਲਾਫ਼ ਸਾਰੇ ਪੁਲੀਸ ਕੇਸ ਰੱਦ ਕੀਤੇ ਜਾਣਗੇ ਅਤੇ ਜ਼ਮੀਨਾਂ ਦੇ ਮਸਲੇ ਹੱਲ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਜਾਵੇਗੀ।
ਪ੍ਰਸ਼ਾਸਨ ਵੱਲੋਂ ਇਸ ਸਬੰਧੀ ਲਿਖਤੀ ਵਾਅਦਾ ਵੀ ਕੀਤਾ ਗਿਆ ਸੀ ਪ੍ਰੰਤੂ ਅਜੇ ਤੱਕ ਨਾ ਤਾਂ ਕੋਈ ਪੁਲੀਸ ਕੇਸ ਰੱਦ ਕੀਤਾ ਗਿਆ ਹੈ ਅਤੇ ਨਾ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਦਲਿਤਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਆਗੂਆਂ ਖ਼ਿਲਾਫ਼ ਹੋਰ ਪੁਲੀਸ ਕੇਸ ਦਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਦਰਜ ਕੀਤੇ ਪੁਲੀਸ ਕੇਸ ਤੁਰੰਤ ਵਾਪਸ ਲਏ ਜਾਣ, ਨਜ਼ੂਲ ਸੁਸਾਇਟੀਆਂ ਦੀਆਂ ਜ਼ਮੀਨਾਂ ਦੇ ਮਾਲਕਾਨਾ ਹੱਕ ਦਿੱਤੇ ਜਾਣ, ਲੋੜਵੰਦ ਪਰਿਵਾਰਾਂ ਲਈ ਰਿਹਾਇਸ਼ੀ ਪਲਾਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਪੱਕੇ ਤੌਰ ’ਤੇ ਦਿੱਤੀ ਜਾਵੇ।
ਉਨ੍ਹਾਂ ਤਿੱਖੇ ਸੰਘਰਸ਼ ਦਾ ਐਲਾਨ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਪਿੰਡਾਂ ਵਿੱਚ ਰਾਖਵੀਂਆਂ ਪੰਚਾਇਤੀ ਜ਼ਮੀਨਾਂ ਦੇ ਮਸਲੇ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਦੇ ਸੰਗਤ ਦਰਸ਼ਨਾਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਪਿੰਡਾਂ ਵਿੱਚ ਤੀਜੇ ਹਿੱਸੇ ਦੀਆਂ ਜ਼ਮੀਨਾਂ ਉਪਰ ਕਬਜ਼ੇ ਕੀਤੇ ਜਾਣਗੇ।
ਧਰਨੇ ਨੂੰ ਸੰਘਰਸ਼ ਕਮੇਟੀ ਆਗੂ ਪਰਮਜੀਤ ਕੌਰ, ਪ੍ਰਿਥੀ ਲੌਂਗੋਵਾਲ, ਸੁਰਜਨ ਸਿੰਘ ਝਨੇੜੀ, ਕਰਮ ਸਿੰਘ ਘਰਾਚੋਂ, ਗੁਲਜ਼ਾਰ ਸਿੰਘ ਆਲੋਅਰਖ਼, ਬਲਵਿੰਦਰ ਜ਼ਲੂਰ, ਬਲਵਿੰਦਰ ਮਾਝਾ, ਮਹਿੰਦਰ ਧੰਦੀਵਾਲ, ਰਾਮਪਾਲ ਬਾਲਦ ਕਲਾਂ, ਕਰਨੈਲ ਸਿੰਘ ਲੱਡਾ, ਗੁਰਦੇਵ ਸਿੰਘ ਘਾਬਦਾਂ, ਬਸ਼ੇਸ਼ਰ ਰਾਮ, ਹਰਬੰਸ ਕੌਰ ਕੁਲਾਰਾਂ, ਪ੍ਰਦੀਪ ਹਥੋਆ, ਬਲਵੀਰ ਜ਼ਲੂਰ ਆਦਿ ਨੇ ਸੰਬੋਧਨ ਕੀਤਾ।
Leave a Comment