ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੇ 2011 ਦੇ ਹਾਊਸ ਨੂੰ ਮੁੜ ਕਰਨ ਸਬੰਧੀ ਫ਼ੈਸਲੇ ਦੀ ਕਾਪੀ ਅਜੇ ਤਕ ਸ਼੍ਰੋਮਣੀ ਕਮੇਟੀ ਨੂੰ ਨਾ ਮਿਲਣ ਕਾਰਨ ਇਸ ਸਬੰਧੀ ਅਗਲੀ ਕਾਰਵਾਈ ਫਿਲਹਾਲ ਰੁਕੀ ਹੋਈ ਹੈ। ਸੁਪਰੀਮ ਕੋਰਟ ਵੱਲੋਂ ਇਹ ਫ਼ੈਸਲਾਬੀਤੇ ਦਿਨੀਂ ਕੀਤਾ ਗਿਆ ਸੀ ,ਪਰ ਹੁਣ ਤਕ ਸ਼੍ਰੋਮਣੀ ਕਮੇਟੀ ਨੂੰ ਇਸ ਫ਼ੈਸਲੇ ਸਬੰਧੀ ਲਿਖਤੀ ਰੂਪ ਵਿੱਚ ਆਦੇਸ਼ਾਂ ਦੀ ਕਾਪੀ ਨਹੀਂ ਮਿਲੀ ਹੈ ਅਤੇ ਨਾ ਹੀ ਸੁਪਰੀਮ ਕੋਰਟ ਦੀ ਸਾਈਟ ’ਤੇ ਫਿਲਹਾਲ ਇਸ ਫ਼ੈਸਲੇ ਨੂੰ ਅਪਲੋਡ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਫ਼ੈਸਲੇ ਦੀ ਕਾਪੀ ਪ੍ਰਾਪਤ ਕਰਨ ਲਈ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਇਸ ਸਬੰਧੀ ਅਗਲੀ ਕਾਰਵਾਈ ਨੂੰ ਗਤੀ ਦਿੱਤੀ ਜਾ ਸਕੇ। ਇਸ ਸਬੰਧ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਨੇ ਫਿਲਹਾਲ ਇਸ ਫ਼ੈਸਲੇ ਦੀ ਕਾਪੀ ’ਤੇ ਦਸਤਖ਼ਤ ਨਹੀਂ ਕੀਤੇ ਹਨ ਅਤੇ ਭਲਕੇ ਇਹ ਕਾਰਵਾਈ ਮੁਕੰਮਲ ਹੋਣ ਦੀ ਉਮੀਦ ਹੈ। ਉਨ੍ਹਾਂ ਆਖਿਆ ਕਿ ਫ਼ੈਸਲੇ ਦੀ ਕਾਪੀ ਮਿਲਣ ਅਤੇ ਇਸ ਨੂੰ ਘੋਖਣ ਮਗਰੋਂ ਹੀ ਕੇਂਦਰੀ ਗ੍ਰਹਿ ਵਿਭਾਗ ਨੂੰ ਨਵੇਂ ਹਾਊਸ ਦੀ ਮੀਟਿੰਗ ਸੱਦਣ ਵਾਸਤੇ ਅਪੀਲ ਕੀਤੀ ਜਾਵੇਗੀ|
ਸੂਤਰਾਂ ਮੁਤਾਬਕ ਇਸ ਵਾਰ ਪ੍ਰਧਾਨ ਦੇ ਅਹੁਦੇ ਲਈ ਕੋਈ ਨਵਾਂ ਉਮੀਦਵਾਰ ਚੁਣਿਆ ਜਾ ਸਕਦਾ ਹੈ ਕਿਉਂਕਿ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਆਪਣੀ ਸਿਹਤ ਦੇ ਕਾਰਨ ਇਹ ਸੇਵਾ ਹੋਰ ਨਿਭਾਉਣ ਤੋਂ ਅਸਮਰੱੱਥਾ ਪ੍ਰਗਟਾਈ ਜਾ ਚੁੱਕੀ ਹੈ। ਦੱਸਣਯੋਗ ਹੈ ਕਿ ਸਿੱਖ ਗੁਰਦੁਆਰਾ ਐਕਟ 1925 ਮੁਤਾਬਕ ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਅਤੇ ਨਾਮਜ਼ਦ ਕੀਤੇ ਮੈਂਬਰਾਂ ਦੀ ਪਹਿਲੀ ਮੀਟਿੰਗ ਕੇਂਦਰ ਸਰਕਾਰ ਦੇ ਨੁਮਾਇੰਦੇ ਵਜੋਂ ਡਿਪਟੀ ਕਮਿਸ਼ਨਰ ਵਲੋਂ ਕਰਵਾਈ ਜਾਂਦੀ ਹੈ।
ਹਾਊਸ ਦੀ ਪ੍ਰਧਾਨਗੀ ਸ਼ੁਰੂ ਵਿੱਚ ਡਿਪਟੀ ਕਮਿਸ਼ਨਰ ਕਰਦਾ ਹੈ ਤੇ ਪ੍ਰਧਾਨ ਲਈ ਉਮੀਦਵਾਰ ਨਾਮਜ਼ਦ ਹੋਣ ਤੋਂ ਬਾਅਦ ਹਾਊਸ ਦੀ ਪ੍ਰਧਾਨਗੀ ਨਵੇਂ ਪ੍ਰਧਾਨ ਨੂੰ ਸੌਂਪ ਦਿੱਤੀ ਜਾਂਦੀ ਹੈ| ਜਿਸ ਵੱਲੋਂ ਬਾਕੀ ਅਹੁਦੇਦਾਰ ਨਾਮਜ਼ਦ ਕੀਤੇ ਜਾਂਦੇ ਹਨ। ਸ਼੍ਰੋਮਣੀ ਕਮੇਟੀ ਦੇ ਸਦਨ ਵਿੱਚ ਕੁੱਲ 190 ਮੈਂਬਰ ਹਨ, ਜਿਨ੍ਹਾਂ ਵਿੱਚੋ 170 ਮੈਂਬਰ ਲੋਕਾਂ ਵੱਲੋਂ ਚੁਣੇ ਹੋਏ ਅਤੇ 15 ਨਾਮਜ਼ਦ ਮੈਂਬਰ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜ ਤਖ਼ਤਾਂ ਦੇ ਜਥੇਦਾਰ ਵੀ ਹਾਊਸ ਦੇ ਮੈਂਬਰ ਹਨ। ਪਹਿਲੀ ਮੀਟਿੰਗ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਚੋਣ ਹੋਵੇਗੀ।
Leave a Comment