ਪੰਜਾਬੀਆਂ ਨੇ ਜਿੱਤੇ ਸੱਤ ਮੈਡਲ ਕਿਸ਼ਤੀ ਚਾਲਣ ਚੈਂਪੀਅਨਸ਼ਿਪ ‘ਚ
ਕੋਲਕਾਤਾ ਵਿੱਚ ਹੋਈ ਪਹਿਲੀ ਇਨ-ਡੋਰ ਕਿਸ਼ਤੀ ਚਾਲਣ (ਰੋਇੰਗ) ਚੈਂਪੀਅਨਸ਼ਿਪ ‘ਚ ਪੰਜਾਬ ਦੀ ਟੀਮ ਨੇ 7 ਮੈਡਲ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ, ਜਿਨ੍ਹਾਂ ‘ਚ 3 ਗੋਲਡ , 2 ਚਾਂਦੀ ਅਤੇ 2 ਕਾਂਸੀ ਦੇ ਮੈਡਲ ਸ਼ਾਮਲ ਹਨ| ਕੋਚ ਤਜਿੰਦਰ ਸਿੰਘ ਤੇ ਬਿਪਨ ਕੰਬੋਜ ਦੀ ਅਗਵਾਈ ਵਾਲੀ ਇਸ ਟੀਮ ‘ਚ ਸ਼ਾਮਲ ਸਾਰੇ ਖਿਡਾਰੀ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਹਨ|
ਪ੍ਰਾਪਤ ਵੇਰਵਿਆਂ ਮੁਤਾਬਿਕ ਪੁਰਸ਼ਾਂ ਦੇ ਲਾਈਟ ਵੇਟ ਪੇਅਰ ਵਰਗ ‘ਚ ਪੰਜਾਬ ਦੇ ਹਰਜਿੰਦਰ ਸਿੰਘ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਤੇ ਈਸ਼ਵਰਦੀਪ ਸਿੰਘ ਦੇਸ਼ ਭਗਤ ਕਾਲਜ ਧੂਰੀ ਦੀ ਜੋੜੀ ਨੇ ਗੋਲਡ ਪ੍ਰਾਪਤ ਕੀਤਾ| ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਦੀ ਵਿਦਿਆਰਥਣ ਨਵਨੀਤ ਕੌਰ ਸਿਰਥਲਾ (ਲੁਧਿਆਣਾ) ਨੇ ਔਰਤਾਂ ਦੇ ਓਪਨ ਵਰਗ ਦੇ ਸਿੰਗਲ ਮੁਕਾਬਲੇ ‘ਚ ਗੋਲਡ ਮੈਡਲ ਜਿੱਤਿਆ ਅਤੇ ਉਸ ਨੇ ਪੇਅਰ ਵਰਗ ‘ਚ ਹਰਪ੍ਰੀਤ ਕੌਰ ਫਤਹਿ ਕਾਲਜ ਰਾਮਪੁਰਾ ਫੂਲ ਨਾਲ ਮਿਲ ਕੇ ਪੰਜਾਬ ਦੇ ਨਾਮ ਦਾ ਦੂਜਾ ਗੋਲਡ ਮੈਡਲ ਹਾਸਲ ਕੀਤਾ|
ਓਪਨ ਪੇਅਰ ਵਰਗ ‘ਚ ਪੰਜਾਬ ਦੇ ਗਗਨਦੀਪ ਸਿੰਘ (ਸੁਨਾਮ) ਅਕਾਲ ਫਿਜ਼ੀਕਲ ਕਾਲਜ ਮਸਤੂਆਣਾ ਤੇ ਪ੍ਰਦੀਪ ਮੀਨਾ (ਕਿਸ਼ਨਪੁਰਾ) ਦੇਸ਼ ਭਗਤ ਕਾਲਜ ਧੂਰੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ|
ਔਰਤਾਂ ਦੇ ਲਾਈਟ ਵੇਟ ਪੇਅਰ ਵਰਗ ‘ਚ ਪੰਜਾਬ ਦੀ ਮਨਦੀਪ ਕੌਰ (ਸਾਹੋਕੀ) ਫਤਹਿ ਕਾਲਜ ਰਾਮਪੁਰਾ ਫੂਲ ਤੇ ਮੋਨਿਕਾ (ਨਡਾਲਾ) ਗੁਰੂ ਨਾਨਕ ਕਾਲਜ ਬੁਢਲਾਡਾ ਨੇ ਚਾਂਦੀ ਦਾ ਮੈਡਲ ਜਿੱਤਿਆ| ਪੁਰਸ਼ਾਂ ਦੇ ਲਾਈਟ ਵੇਟ ਸਿੰਗਲ ਵਰਗ ‘ਚ ਪੰਜਾਬ ਦੇ ਸੁਖਦੀਪ ਸਿੰਘ (ਮਲੌਦ ਰੋੜੀਆਂ) ਦੇਸ਼ ਭਗਤ ਕਾਲਜ ਧੂਰੀ ਨੇ ਚਾਂਦੀ ਦਾ ਮੈਡਲ ਜਿੱਤਿਆ| ਓਪਨ ਸਿੰਗਲ ਵਰਗ ‘ਚ ਪੰਜਾਬ ਦੇ ਗਗਨਦੀਪ ਸਿੰਘ ਨੇ ਕਾਂਸੀ ਦਾ ਮੈਡਲ ਜਿੱਤਿਆ |
ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਨੇ ਕੁੱਲ ਹਿੰਦ ਅੰਤਰ ’ਵਰਸਿਟੀ ਕਾਇਕਿੰਗ-ਕੈਨੋਇੰਗ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ| ਇਸ ਯੂਨੀਵਰਸਿਟੀ ਨੇ ਚਾਰ ‘ਚੋਂ ਤਿੰਨ ਖਿਤਾਬ ਆਪਣੇ ਨਾਮ ਕੀਤੇ ਹਨ| ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ, ਸਹਾਇਕ ਨਿਰਦੇਸ਼ਕਾ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਕਾਲਾ ਅਫਗਾਨਾ ਅਤੇ ਕੋਚ ਇੰਦਰਜੀਤ ਸਿੰਘ ਨੇ ਦੱਸਿਆ ਕਿ ’ਵਰਸਿਟੀ ਦੇ ਕਿਸ਼ਤੀ ਚਾਲਕਾਂ ਨੇ 26 ਗੋਲਡ ,13 ਚਾਂਦੀ ਅਤੇ 10 ਬਰੋਨਜ਼ੇ ਦੇ ਮੈਡਲ ਜਿੱਤ ਕੇ ਕੌਮੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ| ਇਸ ਵਰਸਿਟੀ ਦੇ ਪੁਰਸ਼ਾਂ ਨੇ 6 ਗੋਲਡ , 9 ਚਾਂਦੀ ਅਤੇ 6 ਬਰੋਨਜ਼ੇ ਦੇ ਤਗ਼ਮੇ, ਔਰਤਾਂ ਨੇ 20 ਸੋਨ ਅਤੇ 4 ਚਾਂਦੀ ਦੇ ਤਗ਼ਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ|
ਇਸ ’ਵਰਸਿਟੀ ਦੀ ਸੋਨੀਆ ਰਾਣਾ ਨੇ 9 ਸੋਨ ਤਗ਼ਮੇ ਜਿੱਤ ਕੇ ਸਰਵੋਤਮ ਪ੍ਰਦਰਸ਼ਨ ਕੀਤਾ| ਪੁਰਸ਼ਾਂ ਦੇ ਕਾਇਕਿੰਗ ਵਰਗ ‘ਚ ਪੰਜਾਬੀ ਯੂਨੀਵਰਸਿਟੀ ਪਹਿਲੇ, ਗੁਰੂ ਨਾਨਕ ਦੇਵ ’ਵਰਸਿਟੀ ਦੂਸਰੇ ਅਤੇ ਕੁਰੂਕਸ਼ੇਤਰ ’ਵਰਸਿਟੀ ਤੀਸਰੇ, ਔਰਤਾਂ ਦੇ ਵਰਗ ‘ਚ ਪੰਜਾਬੀ ’ਵਰਸਿਟੀ ਪਹਿਲੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਸਰੇ ਅਤੇ ਗੁਰੂ ਨਾਨਕ ਦੇਵ ਵਰਸਿਟੀ ਤੀਸਰੇ ਸਥਾਨ ‘ਤੇ ਰਹੀ| ਕੈਨੋਇੰਗ ਦੇ ਪੁਰਸ਼ ਵਰਗ ‘ਚ ਪੰਜਾਬ ’ਵਰਸਿਟੀ ਚੰਡੀਗੜ੍ਹ ਪਹਿਲੇ, ਪੰਜਾਬੀ ’ਵਰਸਿਟੀ ਦੂਸਰੇ ਅਤੇ ਕੇਰਲਾ ’ਵਰਸਿਟੀ ਤੀਸਰੇ, ਔਰਤਾਂ ਦੇ ਵਰਗ ‘ਚ ਪੰਜਾਬੀ ’ਵਰਸਿਟੀ ਪਹਿਲੇ, ਗੁਰੂ ਨਾਨਕ ਦੇਵ ’ਵਰਸਿਟੀ ਦੂਸਰੇ ਅਤੇ ਪੰਜਾਬ ’ਵਰਸਿਟੀ ਚੰਡੀਗੜ੍ਹ ਤੀਸਰੇ ਸਥਾਨ ‘ਤੇ ਰਹੀ|
ਖਰੜ: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਖਿਡਾਰੀ ਪ੍ਰਿਤਪਾਲ ਸਿੰਘ ਨੇ ਕੁੱਲ ਹਿੰਦ ਅੰਤਰ-ਯੂਨੀਵਰਸਿਟੀ ਕਿਸ਼ਤੀ ਚੈਂਪੀਅਨਸ਼ਿਪ-2016 ’ਚ ਸੋਨੇ ਦਾ ਤਮਗ਼ਾ ਜਿੱਤ ਕੇ ਰਾਸ਼ਟਰੀ ਪੱਧਰ ’ਤੇ ਨਾਂ ਖੱਟਿਆ ਹੈ। ਇਸ ਕੌਮੀ ਚੈਂਪੀਅਨਸ਼ਿਪ ਦੇ ਸਿੰਗਲਜ਼ ਵਰਗ (ਪੁਰਸ਼) ਮੁਕਾਬਲੇ ’ਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਪ੍ਰਿਤਪਾਲ ਸਿੰਘ ਨੇ 7.13 ਮਿੰਟ ਦੇ ਸਮੇਂ ਨਾਲ ਦੇਸ਼ ਦੀਆਂ ਨਾਮੀ ਯੂਨੀਵਰਸਿਟੀਆਂ ਦੇ ਖਿਡਾਰੀਆਂ ਨੂੰ ਮਾਤ ਦਿੰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ।
ਕੁਰੂਕਸ਼ੇਤਰ ਯੂਨੀਵਰਸਿਟੀ ਦਾ ਚੇਤਨ ਦੂਜੇ ਤੇ ਪੰਜਾਬੀ ਯੂਨੀਵਰਸਿਟੀ ਦਾ ਖਿਡਾਰੀ ਗੁਰਵਿੰਦਰ ਸਿੰਘ ਤੀਜੇ ਸਥਾਨ ’ਤੇ ਰਿਹਾ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਕੋਚ ਗੁਰਜਿੰਦਰ ਸਿੰਘ ਚੀਮਾ ਨੇ ਦਿੱਤੀ। ਚੰਡੀਗੜ੍ਹ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਪ੍ਰੋ. ਹਰਨੀਤ ਸਿੰਘ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਵਾਈਸ ਚਾਂਸਲਰ ਡਾ. ਆਰਐੱਸ ਬਾਵਾ ਨੇ ਪ੍ਰਿਤਪਾਲ ਸਿੰਘ ਅਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ।
Leave a Comment