ਪੰਜਾਬ ਪੁਲੀਸ ਦਾ ਅਕਸ ਇੰਨਾ ਖ਼ਰਾਬ ਕਿਉਂ ਹੈ?
ਪਿਛਲੇ ਦਿਨੀਂ ਅਖ਼ਬਾਰ ਪੜ੍ਹਦਿਆਂ ਪੰਜਾਬ ਸਰਕਾਰ ਦੁਆਰਾ ਪੁਲੀਸ ਭਰਤੀ ਦੌਰਾਨ ਕੀਤੇ ਜਾ ਰਹੇ ਡੌਪ ਟੈਸਟਾਂ ਬਾਰੇ ਸੁਣ ਕੇ ਦਿਲ ਅਤੇ ਦਿਮਾਗ ਸ਼ਸ਼ੋਪੰਜ ਵਿੱਚ ਪੈ ਗਿਆ। ਸੂਬੇ ਵਿੱਚ ਨਸ਼ਿਆਂ ਦੀ ਭਰਮਾਰ ਕਰਕੇ ਫ਼ਿਲਮਾਂ ਵਿੱਚ ਸਰਕਾਰਾਂ ਦੇ ਚਿਹਰੇ ਨੰਗੇ ਹੋ ਰਹੇ ਹਨ।
ਉੱਤੋਂ ਹੁਣ ਭਰਤੀ ਦੌਰਾਨ ਡੌਪ ਟੈਸਟਾਂ ਦਾ ਨਵਾ ਢੰਗ। ਸ਼ਾਮ ਸਵੇਰੇ ਸੜਕਾਂ ਤੇ ਗਰਾਊਂਡਾਂ ਵਿੱਚ ਨੌਜਾਵਨ ਮੁੰਡੇ ਕੁੜੀਆਂ ਨੂੰ ਭਰਤੀ ਦੀ ਤਿਆਰੀ ਕਰਦਿਆਂ ਦੇਖ ਕੇ ਇਹ ਸੋਚਦੇ ਹੈ ਕਿ ਇਨ੍ਹਾਂ ਨੂੰ ਇਸ ਮਿਹਨਤ ਦਾ ਫਲ ਮਿਲੇਗਾ ਵੀ ਜਾਂ ਹਮੇਸ਼ਾਂ ਵਾਂਗ ਫਲ ਪਹਿਲਾਂ ਹੀ ਨੋਟਾਂ ਵਾਲੇ ਖ਼ਰੀਦ ਕੇ ਲਿਜਾ ਚੁੱਕੇ ਹਨ।
ਇਹ ਸਮਝ ਨਹੀਂ ਆ ਰਿਹਾ ਕਿ ਸਰਕਾਰ ਇਹ ਡੌਪ ਟੈਸਟ ਰੱਖ ਕੇ ਸਿੱਧ ਕੀ ਕਰਨਾ ਚਾਹੁੰਦੀ ਹੈ? ਜੇ ਨਵੀਂ ਭਰਤੀ ਵਿੱਚ ਡੌਪ ਟੈਸਟ ਦੇ ਨਾਲ ਨਾਲ ਸਰਕਾਰ ਆਪਣੀ ਪੁਰਾਣੀ ਪੁਲੀਸ ਦਾ ਇੱਕ ਵਾਰ ਸਰੀਰਕ ਯੋਗਤਾ ਭਾਵ ਫਿਜੀਕਲ ਫਿਟਨਸ ਟੈਸਟ ਕਰਵਾਉਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਦਿਮਾਗ ਵਿੱਚ ਇਹ ਸਵਾਲ ਆਉਂਦਾ ਹੈ ਕਿ ਜੇ ਸਰਕਾਰ ਇਸ ਤਰ੍ਹਾਂ ਕਰ ਦਿੰਦੀ ਹੈ ਤਾਂ ਸਾਡੀ ਮੌਜੂਦਾ ਪੁਲੀਸ ਵਿੱਚੋਂ ਕਿੰਨੇ ਕੁ ਕਰਮਚਾਰੀ ਇਸ ਟੈਸਟ ਵਿੱਚ ਸਫ਼ਲ ਹੋਣਗੇ? ਦੂਜੇ ਪਾਸੇ ਕੁਝ ਅਜਿਹੇ ਮੁਲਕ ਹਨ ਜਿੱਥੇ ਪੁਲੀਸ ਦੀ ਵਰਦੀ ਨੂੰ ਤੱਕ ਕੇ ਲੋਕਾਂ ਦੀ ਜਾਨ ਵਿੱਚ ਜਾਨ ਆ ਜਾਂਦੀ ਹੈ ਅਤੇ ਇੱਧਰ ਸਾਡੀ ਪੰਜਾਬ ਪੁਲੀਸ ਦਾ ਅਕਸ ਲੋਕਾਂ ਵਿੱਚ ਇੰਨਾ ਡਰਾਉਣਾ ਬਣ ਚੁੱਕਾ ਹੈ ਕਿ ਇਨ੍ਹਾਂ ਨੂੰ ਦੂਰੋਂ ਖੜ੍ਹੇ ਦੇਖ ਕੇ ਹੀ ਸਾਹ ਸੁਕ ਜਾਂਦੇ ਹਨ।
ਲੋਕ ਅਪਰਾਧੀਆਂ ਦੀ ਤਰ੍ਹਾਂ ਹੀ ਪੁਲੀਸ ਤੋਂ ਵੀ ਡਰਦੇ ਹਨ| ਜਿਵੇਂ : ਵੱਖੋ-ਵੱਖ ਵਾਹਨਾਂ ਵਾਲੇ ਵੀ ਇੱਕ ਦੂਜੇ ਨੂੰ ਇਸ਼ਾਰਿਆਂ ਨਾਲ ਅੱਗੇ ਖੜ੍ਹੀ ਪੁਲੀਸ ਬਾਰੇ ਦੱਸ ਕੇ ਰਾਹ ਬਦਲਣ ਲਈ ਕਹਿ ਦਿੰਦੇ ਹਨ।
ਇਸ ਦਾ ਕਾਰਨ ਸ਼ਾਇਦ ਕਿ ਸਾਡੀ ਪੁਲੀਸ ਕੋਲ ਅਜਿਹਾ ਹੁਨਰ ਹੈ ਕਿ ਜੇ ਉਹ ਆਪਣੀ ਆਈ ’ਤੇ ਆ ਜਾਵੇ ਤਾਂ ਕਿੰਨੇ ਵੀ ਸਹੀ ਕਾਗ਼ਜ਼ ਦਿਖਾ ਲਵੋ ਪਰ ਤੁਹਾਡਾ ਚਲਾਣ ਤਾਂ ਹੋਵੇਗਾ ਹੀ ਹੋਵੇਗਾ।
ਜੇ ਸਰਕਾਰ ਦੇ ਨਾਲ ਨਾਲ ਸਾਡੀ ਪੁਲੀਸ ਆਪਣਾ ਫ਼ਰਜ਼ ਸਹੀ ਤਰੀਕੇ ਨਾਲ ਨਿਭਾਉਂਦੀ ਤਾਂ ਕਿਸੇ ਦੀ ਇੰਨੀ ਹਿੰਮਤ ਨਹੀਂ ਸੀ ਕਿ ਕੋਈ ਸੂੂਬੇ ਨੂੰ ਫ਼ਿਲਮਾਂ ਰਾਹੀਂ ਬਦਨਾਮ ਕਰ ਸਕਦਾ। ਗੁਰੂਆਂ ਪੀਰਾਂ ਦੀ ਧਰਤੀ ਨੂੰ ਨਸ਼ਿਆਂ ਦੇ ਕਾਰੋਬਾਰ ਦਾ ਕੇਂਦਰ ਬਣਨ ਦੇਣ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਗੁਨਾਹਗਾਰਾਂ ਲਈ ਇਹ ਬੇਹੱਦ ਸ਼ਰਮ ਵਾਲੀ ਗੱਲ ਹੈ।
ਭਾਵੇਂ ਨਸ਼ਿਆਂ ਦਾ ਕਾਰੋਬਾਰ ਪੂਰੇ ਭਾਰਤ ਵਿੱਚ ਚੱਲ ਰਿਹਾ ਹੈ ਪਰ ਨਸ਼ਿਆਂ ਕਾਰਨ ਜਵਾਨੀ ਦਾ ਜੋ ਨੁਕਸਾਨ ਇਸ ਪੰਜਾਂ ਦਰਿਆਵਾਂ ਦੀ ਧਰਤੀ ’ਤੇ ਹੋਇਆ ਹੈ, ਅਜਿਹਾ ਤਬਾਈ ਦਾ ਮੰਜਰ ਕਿਧਰੇ ਹੋਰ ਦੇਖਣ ਨੂੰ ਨਹੀਂ ਮਿਲਦਾ। ਗ਼ੈਰਕਾਨੂੰਨੀ ਨਸ਼ਿਆਂ ਦੀ ਬੇਰੋਕਟੋਕ ਉੱਪਲਭਦਤਾ ਵਿੱਚ ਕਿਤੇ ਨਾ ਕਿਤੇ ਸਾਡੀ ਪੁਲੀਸ ਵਿੱਚ ਜ਼ਿੰਮੇਵਾਰ ਹੈ।
ਨਵੇਂ ਭਰਤੀ ਹੋ ਰਹੇ ਨੌਜਵਾਨਾਂ ਦੇ ਡੌਪ ਟੈਸਟਾਂ ਦੇ ਨਾਲ ਨਾਲ ਪੁਲੀਸ ਮਹਿਕਮੇ ਵਿੱਚ ਪੁਰਾਣੇ ਮੁਲਾਜ਼ਮਾਂ ਦੇ ਢਿੱਡ ਘਟਾਉਣ ਦੇ ਮਾਹਿਰਾਂ ਦੀ ਮੁਲਾਕਾਤ ਵੀ ਹੋਣੀ ਚਾਹੀਦੀ ਹੈ ਤਾਂ ਜੋ ਸਾਡੀ ਪੁਲੀਸ ਵੀ ਬਾਹਰਲੇ ਪੁਲੀਸ ਮੁਲਾਜ਼ਮਾਂ ਵਾਂਗ ਅਪਰਾਧੀਆਂ ਦੇ ਪਿੱਛੇ ਭੱਜਣ ਦੇ ਯੋਗ ਹੋ ਸਕੇ। ਸਰਕਾਰ ਨੂੰ ਡਿਊਟੀ ਦੌਰਾਨ ਮੁਲਾਜ਼ਮਾਂ ਦੁਆਰਾ ਕਿਸੇ ਵੀ ਤਰ੍ਹਾਂ ਦੇ ਨਸ਼ੇ ਵਰਤਣ ’ਤੇ ਪਾਬੰਧੀ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ।
ਪੁਲੀਸ ਮੁਲਾਜ਼ਮਾਂ ਦੇ ਡਿਊਟੀ ਦੌਰਾਨ ਨਸ਼ੇ ਕਰਨ ਤੋਂ ਬਾਅਦ ਆਪੇ ਤੋਂ ਬਾਹਰ ਹੋਣ ਦੇ ਅਨੇਕਾਂ ਵੀਡੀਓ ਸੋਸ਼ਲ ਨੈਟਵਰਕ ’ਤੇ ਦੇਖਣ ਨੂੰ ਮਿਲ ਜਾਂਦੇ ਹਨ।
ਪੰਜਾਬ ਪੁਲੀਸ ਦਾ ਅਕਸ ਇੰਨਾ ਖ਼ਰਾਬ ਕਿਉਂ ਹੈ? ਇਸ ਲਈ ਕੌਣ ਜ਼ਿੰਮੇਵਾਰ ਹੈ? ਇਸ ਨਾਲ ਜੁੜੇ ਕਾਫ਼ੀ ਸਵਾਲਾਂ ਦਾ ਜਵਾਬ ਸਾਡੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਮਿਲ ਜਾਂਦਾ ਹੈ। ਪੁਲੀਸ ਕਰਮਚਾਰੀਆਂ ਦੀ ਡਿਊਟੀ ਦਾ ਸਮਾਂ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ।
ਤਨਖ਼ਾਹਾਂ ਸਮੇਂ ਸਿਰ ਮਿਲਣੀਆ ਚਾਹੀਦੀਆਂ ਹਨ ਤਾਂ ਕਿ ਉਹ ਰਿਸ਼ਵਤ ਦੀ ਸੋਚ ਨੂੰ ਪੈਦਾ ਹੋਣ ਤੋਂ ਰੋਕ ਸਕਣ। ਇਸ ਦੇ ਨਾਲ ਹੀ ਆਪਣੇ ਪੱਧਰ ’ਤੇ ਆਪਣਾ ਅਕਸ ਸੁਧਾਰਨ ਵੱਲ ਪੁਲੀਸ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ। ਕੁਝ ਪੈਸਿਆਂ ਪਿੱਛੇ ਆਮ ਜਨਤਾ ਨੂੰ ਪ੍ਰੇਸ਼ਾਨ ਕਰਕੇ ਪੂਰੇ ਮਹਿਕਮੇ ਦਾ ਨਾਂ ਖ਼ਰਾਬ ਕਰਨ ਦੀ ਥਾਂ ਇਮਾਨਦਾਰੀ ਦਾ ਪੱਲਾ ਫੜਣਾ ਚਾਹੀਦਾ ਹੈ।
ਛੋਟੇ ਅਧਿਕਾਰੀਆਂ ਨੂੰ ਸੀਨੀਅਰ ਅਫ਼ਸਰਾਂ ਵੱਲੋਂ ਆਪਣੀ ਵਰਦੀ ਤੇ ਆਹੁਦੇ ਵੀ ਦੁਰਵਰਤੋਂ ਕਰਕੇ ਨਿੱਜੀ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।
ਉੱਪਰ ਤੋਂ ਥੱਲੇ ਤਕ ਅਜਿਹੇ ਕੰਮਾਂ ਦਾ ਹੋਣਾ ਅੰਤ ਨੂੰ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਤਕ ਆ ਕੇ ਖ਼ਤਮ ਹੁੰਦਾ ਹੈ। ਛੋਟੇ ਆਹੁਦੇ ਵਾਲੇ ਅਧਿਕਾਰੀ ਦੀ ਆਪਣੇ ਸੀਨੀਅਰ ਨੂੰ ਜਵਾਬ ਦੇਣ ਦੀ ਹਿੰਮਤ ਨਹੀਂ ਪੈਂਦੀ।
ਸਿਆਣਿਆਂ ਦੇ ਆਖਣ ਮੁਤਾਬਿਕ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਪੁਲੀਸ ਵਿੱਚ ਵੀ ਚੰਗੇ ਮੁਲਾਜ਼ਮਾਂ ਦੀ ਕਮੀ ਨਹੀਂ ਹੈ ਪਰ ਰਿਸ਼ਵਤਖੋਰ ਅਤੇ ਬੇਈਮਾਨਾਂ ਦੇ ਕਾਰਿਆਂ ਕਰਕੇ ਚੰਗੇ ਅਫ਼ਸਰ ਵੀ ਬਦਨਾਮ ਹੋ ਜਾਂਦੇ ਹਨ।
ਪੁਲੀਸ ਮੁਲਾਜ਼ਮਾਂ ਨੂੰ ਤਣਾਅ ਮੁਕਤ ਕਰਨ, ਆਪਣੀਆਂ ਸ਼ਕਤੀਆਂ ਦਾ ਸਹੀ ਇਸਤੇਮਾਲ ਕਰਨ, ਸਿਆਸੀ ਲੋਕਾਂ ਦੀ ਅਣਲੋੜੀਂਦੀ ਖ਼ਾਤਿਰਦਾਰੀ ਖ਼ਤਮ ਕਰਨ, ਲੋਕਾਂ ਦਾ ਹਮਦਰਦ ਬਣਨ, ਪੰਜਾਬ ਨੂੰ ਅਪਰਾਧ ਮੁਕਤ ਕਰਨ, ਸਿਰੜੀ, ਅਣਖੀ ਤੇ ਇਮਾਨਦਾਰ ਕਰਮਚਾਰੀ ਬਣਨ ਜਿਹੇ ਸੁਧਾਰਾਂ ਦੀ ਬੇਹੱਦ ਲੋੜ ਹੈ।
Leave a Comment