ਵਿਆਪਕ ਪ੍ਰਚਾਰ ਮੁਹਿੰਮ ਦੀ ਕਮਰ ਕੱਸੀ : ਕਾਂਗਰਸ
ਪੰਜਾਬ ਦੇ ਕਾਂਗਰਸ ਸੂਬੇ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿੱਚ 26 ਸਤੰਬਰ ਤੋਂ ਵਿਆਪਕ ਪ੍ਰਚਾਰ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਤਹਿਤ ਹਰ ਰੋਜ਼ 52 ਮੀਟਿੰਗ ਕੀਤੀਆਂ ਜਾਣਗੀਆਂ। ਪੰਜਾਬ ਪ੍ਰਦੇਸ਼ ਕਾਂਗਰਸ ਨੇ ਸੂਬੇ ਦੀ ਸਮੁੱਚੀ ਲੀਡਰਸ਼ਿਪ ਨੂੰ ‘ਕਾਂਗਰਸ ਲਿਆਓ ਤੇ ਪੰਜਾਬ ਬਚਾਓ’ ਮੁਹਿੰਮ ’ਚ ਝੋਕਣ ਦਾ ਫ਼ੈਸਲਾ ਕੀਤਾ ਹੈ।
ਇਸ ਮੁਹਿੰਮ ਦੀ ਰਣਨੀਤੀ ਉਲੀਕਣ ਲਈ ਸਾਰੇ ਲੋਕ ਸਭਾ ਹਲਕਿਆਂ ਦੇ ਤਿੰਨ-ਤਿੰਨ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਮੀਟਿੰਗ ਕੀਤੀ ਸੀ, ਜਿਸ ਵਿੱਚ ਲਗਪਗ 200 ਆਗੂ ਸ਼ਾਮਲ ਸਨ।
ਮੀਟਿੰਗ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਮੁਹਿੰਮ ਦੇ ਇੰਚਾਰਜ ਤੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਨੇ ਪਾਰਟੀ ਦੀ ਸੀਨੀਅਰ ਆਗੂ ਅੰਬਿਕਾ ਸੋਨੀ, ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਸਹਾਇਕ ਇੰਚਾਰਜ ਹਰੀਸ਼ ਚੌਧਰੀ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੀ ਹਾਜ਼ਰੀ ’ਚ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਅਕਾਲੀ-ਭਾਜਪਾ ਸਰਕਾਰ ’ਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ।
ਕਾਂਗਰਸ ਪਾਰਟੀ ਨੇ 13 ਸੰਸਦੀ ਹਲਕਿਆਂ ਜ਼ੋਨ ਬਣਾਇਆ ਹੈ ਤੇ ਇੱਕ ਜ਼ੋਨ ਵਿੱਚ 108 ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੁਹਿੰਮ ਤਹਿਤ ਹਰੇਕ ਵਿਧਾਨ ਸਭਾ ਹਲਕੇ ਵਿੱਚ ਤਿੰਨ ਪੜਾਵਾਂ ’ਚ ਇੱਕ-ਇੱਕ ਦਰਜਨ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਹ ਮੁਹਿੰਮ 37 ਦਿਨਾਂ ਤੱਕ ਚੱਲੇਗੀ ਪਰ ਸ਼ਨਿਚਰਵਾਰ ਤੇ ਐਤਵਾਰ ਨੂੰ ਮੀਟਿੰਗਾਂ ਨਹੀਂ ਕੀਤੀਆਂ ਜਾਣਗੀਆਂ। ਪੰਜਾਬ ਦੇ 13 ਸੰਸਦੀ ਹਲਕਿਆਂ ਲਈ 13 ਵਿਸ਼ੇਸ਼ ਬੱਸਾਂ ਤਿਆਰ ਕੀਤੀਆਂ ਗਈਆਂ ਹਨ ਤੇ ਹਰੇਕ ਬੱਸ ’ਤੇ ‘ਕਾਂਗਰਸ ਲਿਆਓ ਤੇ ਪੰਜਾਬ ਬਚਾਓ’ ਦਾ ਨਾਅਰਾ ਲਿਖਿਆ ਹੈ।
ਮੁਹਿੰਮ ਦੇ ਇੰਚਾਰਜ ਲਾਲ ਸਿੰਘ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਨੂੰ ਕਈ ਕਈ ਹਿੱਸਿਆਂ ਵਿੱਚ ਵੰਡ ਕੇ ਤਿੰਨ ਪੜਾਵਾਂ ’ਚ ਚਾਰ ਚਾਰ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਮੁਹਿੰਮ ਵਿੱਚ ਕੇਂਦਰੀ ਆਗੂਆਂ ਦੀ ਸ਼ਮੂਲੀਅਤ ਬਾਰੇ ਕਿਹਾ ਕਿ ਸੂਬਾਈ ਆਗੂ ਹੀ ਮੁਹਿੰਮ ਚਲਾਉਣਗੇ।
ਇਸ ਤੋਂ ਬਾਅਦ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਇਸੇ ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ, ਡੱਬਵਾਲਾ ਕਲਾਂ ਦੇ ਨੰਬਰਦਾਰ ਹੰਸ ਰਾਜ ਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਦੀ ਪ੍ਰੇਰਨਾ ਨਾਲ ਜ਼ਿਲ੍ਹੇ ਦੇ ਤੀਹ ਹੋਰ ਅਕਾਲੀ ਤੇ ਚਾਰ ਭਾਜਪਾ ਆਗੂ ਕਾਂਗਰਸ ’ਚ ਸ਼ਾਮਲ ਹੋਣ ਗੇ।
Leave a Comment