‘ਮਹਾਂ ਗੱਠਜੋੜ’ ਬਣਨ ਦੇ ਅਸਾਰ : ਛੋਟੇਪੁਰ ਤੇ ਯੋਗੇਂਦਰ ਯਾਦਵ
ਆਮ ਆਦਮੀ ਪਾਰਟੀ ਦੇ ਸਮੂਹ ਪੀੜਤਾਂ ਦਾ ਪੰਜਾਬ ਵਿਚ ‘ਮਹਾਂ ਗੱਠਜੋੜ’ ਬਣਨ ਦੇ ਅਸਾਰ ਬਣ ਗਏ ਹਨ ਅਤੇ ਸੁੱਚਾ ਸਿੰਘ ਛੋਟੇਪੁਰ ਤੇ ਯੋਗੇਂਦਰ ਯਾਦਵ ਸਾਲ 2017 ਦੀਆਂ ਚੋਣਾਂ ਲਈ ਹੱਥ ਮਿਲਾ ਸਕਦੇ ਹਨ।
‘ਆਪ’ ਵਿੱਚੋਂ ਨਿਕਲਣ ਮਗਰੋਂ ‘ਆਪਣਾ ਪੰਜਾਬ ਪਾਰਟੀ’ ਬਣਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਅਤੇ ਕੱਲ੍ਹ ‘ਸਵਰਾਜ ਇੰਡੀਆ’ ਸਿਆਸੀ ਪਾਰਟੀ ਬਣਾਉਣ ਵਾਲੇ ਯੋਗੇਂਦਰ ਯਾਦਵ ਨੇ ਆਪਸੀ ਗੱਠਜੋੜ ਬਣਾਉਣ ਦੀ ਹਾਮੀ ਭਰੀ ਹੈ। ਸ੍ਰੀ ਛੋਟੇਪੁਰ ਨੇ ਆਪਣੀ ਪਾਰਟੀ ਬਣਾਉਂਦਿਆਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਸਮੂਹ ਹਮਖਿਆਲੀ ਧਿਰਾਂ ਨਾਲ ਮਿਲ ਕੇ ‘ਪੰਜਾਬ ਪ੍ਰੋਗਰੈਸਿਵ ਅਲਾਇੰਸ’ ਬਣਾਉਣਗੇ।
ਇਸ ਸਬੰਧੀ ਸ੍ਰੀ ਛੋਟੇਪੁਰ ਪਹਿਲਾਂ ਹੀ ‘ਆਪ’ ਵਿੱਚੋਂ ਸਸ੍ਪੇੰਡ ਕੀਤਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਗੱਠਜੋੜ ਬਾਰੇ ਚਰਚਾ ਕਰ ਚੁੱਕੇ ਹਨ ਅਤੇ ਦੂਸਰੇ ਪਾਸੇ ਡਾ. ਗਾਂਧੀ ਵੀ ਅਜਿਹੇ ਸੰਕੇਤ ਦੇ ਚੁੱਕੇ ਹਨ।
ਸ੍ਰੀ ਯਾਦਵ ਵੱਲੋਂ ਬਣਾਈ ਨਵੀਂ ਸਵਰਾਜ ਇੰਡੀਆ ਪਾਰਟੀ ਦੀ 18 ਮੈਂਬਰੀ ਪ੍ਰੀਜ਼ੀਡੀਅਮ ਦੇ ਮੈਂਬਰ ਰਾਜੀਵ ਗੋਦਾਰਾ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਪਾਰਟੀ ਮੁੱਦਿਆਂ ਦੀ ਲੜਾਈ ਲੜਨ ਵਾਲਿਆਂ ਨਾਲ ਰਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਂਝਾ ਗੱਠਜੋੜ ਬਣਾਏਗੀ।
ਸ੍ਰੀ ਗੋਦਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਧਿਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਡਾ. ਗਾਂਧੀ ਦੀ ਅਗਵਾਈ ਹੇਠ ਅਕਾਲੀ ਦਲ-ਭਾਜਪਾ ਗੱਠਜੋੜ, ਕਾਂਗਰਸ ਅਤੇ ‘ਆਪ’ ਵਿਰੁੱਧ ਮੁੱਦਿਆਂ ਦੇ ਆਧਾਰ ’ਤੇ ਸਾਂਝੀ ਲੜਾਈ ਲੜਨ ਵਾਲਿਆਂ ਦੀ ਉਹ ਪੂਰਨ ਹਮਾਇਤ ਕਰਨਗੇ। ਉਨ੍ਹਾਂ ਕਿਹਾ ਕਿ ਸਵਰਾਜ ਇੰਡੀਆ ਜਲਦ ਹੀ ਪੰਜਾਬ ਵਿੱਚ ਆਪਣਾ ਸਿਆਸੀ ਯੂਨਿਟ ਕਾਇਮ ਕਰੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰੋ. ਮਨਜੀਤ ਸਿੰਘ ਵਾਲੀ ਡੈਮੋਕਰੇਟਿਕ ਸਵਰਾਜ ਪਾਰਟੀ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।
ਦੂਸਰੇ ਪਾਸੇ ਆਪਣਾ ਪੰਜਾਬ ਪਾਰਟੀ ਦੇ ਜਨਰਲ ਸਕੱਤਰ ਐਚਐਸ ਕਿੰਗਰਾ ਨੇ ਕਿ ਕਿਹਾ ਕਿ ਉਹ ਸ੍ਰੀ ਯਾਦਵ ਨਾਲ ਹੱਥ ਮਿਲਾਉਣ ਲਈ ਤਿਆਰ ਹਨ। ਪਾਰਟੀ ਵੱਲੋਂ ਜਲਦ ਹੀ ਘੱਟੋ-ਘੱਟ ਸਿਆਸੀ ਪ੍ਰੋਗਰਾਮ ਦਾ ਖਰੜਾ ਤਿਆਰ ਕਰਕੇ ਸ੍ਰੀ ਯਾਦਵ, ਡਾ. ਗਾਂਧੀ, ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਬੈਂਸ ਭਰਾਵਾਂ ਅਤੇ ਪ੍ਰੋ. ਮਨਜੀਤ ਸਿੰਘ ਸਮੇਤ ਸੀਪੀਆਈ ਅਤੇ ਸੀਪੀਐਮ ਨੂੰ ਸੌਂਪਿਆ ਜਾਵੇਗਾ। ਸ੍ਰੀ ਕਿੰਗਰਾ ਨੇ ਦੱਸਿਆ ਕਿ ਉਨ੍ਹਾਂ ਅੱਜ ਦਿੱਲੀ ’ਚ ਮੁੱਖ ਚੋਣ ਕਮਿਸ਼ਨਰ ਨੂੰ ਆਪਣੀ ਪਾਰਟੀ ਰਜਿਸਟਰਡ ਕਰਨ ਦੀ ਅਰਜ਼ੀ ਦੇ ਦਿੱਤੀ ਹੈ।
ਦੂਸਰੇ ਪਾਸੇ ਡੈਮੋਕਰੇਟਿਕ ਸਵਰਾਜ ਪਾਰਟੀ ਪੰਜਾਬ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਹਮਖਿਆਲੀ ਧਿਰਾਂ ਨਾਲ ਸਾਂਝਾ ਗੱਠਜੋੜ ਬਣਾਉਣ ਬਾਰੇ ਡਾ. ਗਾਂਧੀ ਅਤੇ ਸ੍ਰੀ ਛੋਟੇਪੁਰ ਨਾਲ ਤਾਂ ਮੁਕੰਮਲ ਚਰਚਾ ਹੋ ਚੁੱਕੀ ਹੈ ਅਤੇ ਉਨ੍ਹਾਂ ਸੀਪੀਆਈ ਤੇ ਸੀਪੀਐਮ ਕੋਲ ਵੀ ਪਹੁੰਚ ਕੀਤੀ ਹੈ। ਦੂਸਰੇ ਪਾਸੇ ਆਵਾਜ਼-ਏ-ਪੰਜਾਬ ਨਾਲ ‘ਆਪ’ ਦੀ ਗੱਲ ਪੂਰੀ ਤਰ੍ਹਾਂ ਟੁੱਟਣ ਕਾਰਨ ਚਰਚਾ ਹੈ ਕਿ ਇਸ ਧੜੇ ਦੇ ਮੁੱਖ ਆਗੂ ਨਵਜੋਤ ਸਿੱਧੂ ਕਾਂਗਰਸ ਦੇ ਸਿਖਰਲੇ ਆਗੂਆਂ ਦੇ ਸੰਪਰਕ ਵਿੱਚ ਹਨ।
Leave a Comment